New Delhi CM : ਰੇਖਾ ਗੁਪਤਾ ਦਾ ਦਿੱਲੀ ਦੀ ਮੁੱਖ ਮੰਤਰੀ ਬਣਨਾ ਤੈਅ ! RSS ਨੇ ਭੇਜਿਆ BJP ਨੂੰ ਪ੍ਰਸਤਾਵ
Rekha Gupta News BJP : ਦਿੱਲੀ ਦੇ ਮੁੱਖ ਮੰਤਰੀ ਦੇ ਨਾਮ ਨੂੰ ਲੈ ਕੇ ਦੁਚਿੱਤੀ ਦੇ ਵਿਚਾਲੇ ਰੇਖਾ ਗੁਪਤਾ ਦੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ। ਰਿਪੋਰਟਾਂ ਦੇ ਅਨੁਸਾਰ, ਭਾਜਪਾ ਨੇ ਆਰਐਸਐਸ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ, ਜਿਸ ਵਿੱਚ ਉੱਚ ਅਹੁਦੇ ਲਈ ਗੁਪਤਾ ਦਾ ਨਾਮ ਸੁਝਾਇਆ ਗਿਆ ਸੀ।
ਦੱਸ ਦਈਏ ਕਿ ਦਿੱਲੀ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਅੱਜ ਸ਼ਾਮ 7 ਵਜੇ ਹੋਵੇਗੀ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਭਾਜਪਾ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਓਪੀ ਧਨਖੜ ਨੂੰ ਕੇਂਦਰੀ ਨਿਗਰਾਨ ਨਿਯੁਕਤ ਕਰਨ ਦਾ ਸਵਾਗਤ ਕੀਤਾ।
ਸੂਤਰਾਂ ਮੁਤਾਬਕ ਭਾਜਪਾ ਸੰਸਦੀ ਦਲ ਨੇ ਰੇਖਾ ਗੁਪਤਾ, ਪ੍ਰਵੇਸ਼ ਵਰਮਾ ਸਮੇਤ 5 ਨਾਵਾਂ 'ਤੇ ਚਰਚਾ ਕੀਤੀ ਹੈ ਅਤੇ ਅਬਜ਼ਰਵਰਾਂ ਦੇ ਨਾਂ ਵੀ ਤੈਅ ਕਰ ਲਏ ਗਏ ਹਨ। ਸ਼ਾਮ ਕਰੀਬ 8 ਵਜੇ ਵਿਧਾਇਕ ਦਲ ਦੀ ਬੈਠਕ 'ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ।
ABVP ਨਾਲ ਸ਼ੁਰੂ ਹੋਇਆ ਸੀ ਸਿਆਸੀ ਸਫ਼ਰ
ਰੇਖਾ ਗੁਪਤਾ ਦਾ ਸਿਆਸੀ ਸਫ਼ਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨਾਲ ਸ਼ੁਰੂ ਹੋਇਆ, ਜਿੱਥੇ ਉਹ ਦਿੱਲੀ ਯੂਨੀਵਰਸਿਟੀ ਦੀ ਸਕੱਤਰ ਰਹਿ ਚੁੱਕੀ ਹੈ, ਇਸ ਤੋਂ ਇਲਾਵਾ, ਰੇਖਾ ਗੁਪਤਾ ਸ਼ਹਿਰੀ ਅਤੇ ਪੇਂਡੂ ਭਾਈਚਾਰਿਆਂ ਨਾਲ ਜੁੜੀ ਹੋਈ ਹੈ, ਕਿਉਂਕਿ ਉਸ ਦਾ ਪਰਿਵਾਰ ਜੁਲਾਨਾ (ਹਰਿਆਣਾ) ਵਿੱਚ ਕਾਰੋਬਾਰ ਕਰਦਾ ਹੈ, ਜਦੋਂ ਕਿ ਉਸ ਦਾ ਸਿਆਸੀ ਅਤੇ ਵਿਦਿਅਕ ਵਿਕਾਸ ਦਿੱਲੀ ਵਿੱਚ ਹੋਇਆ ਸੀ।
ਰੇਖਾ ਗੁਪਤਾ ਦੇ ਪਿਤਾ ਭਾਰਤੀ ਸਟੇਟ ਬੈਂਕ ਵਿੱਚ ਕੰਮ ਕਰਦੇ ਸਨ, ਇਸ ਲਈ ਉਨ੍ਹਾਂ ਦਾ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ। ਉਨ੍ਹਾਂ ਦੇ ਦਾਦਾ ਮਨੀਰਾਮ ਜਿੰਦਲ ਪਿੰਡ ਵਿੱਚ ਰਹਿੰਦੇ ਸਨ, ਅਤੇ ਉਨ੍ਹਾਂ ਦੇ ਪਰਿਵਾਰ ਨੇ ਵਪਾਰ ਨਾਲ ਸਬੰਧਤ ਬਹੁਤ ਸਾਰੀਆਂ ਰਵਾਇਤੀ ਜ਼ਿੰਮੇਵਾਰੀਆਂ ਨਿਭਾਈਆਂ। ਉਹ ਅਜੇ ਵੀ ਸਮੇਂ-ਸਮੇਂ 'ਤੇ ਆਪਣੇ ਪਿੰਡ ਆਉਂਦੀ ਹੈ ਅਤੇ ਆਪਣੇ ਪਰਿਵਾਰ ਨਾਲ ਜੁੜੀ ਰਹਿੰਦੀ ਹੈ।
ਵੈਸ਼ ਭਾਈਚਾਰੇ ਨਾਲ ਸਬੰਧਤ ਹੈ ਰੇਖਾ ਗੁਪਤਾ
ਰੇਖਾ ਗੁਪਤਾ ਵੈਸ਼ ਭਾਈਚਾਰੇ ਤੋਂ ਆਉਂਦੀ ਹੈ, ਜੋ ਦਿੱਲੀ ਵਿਚ ਵੱਡੀ ਗਿਣਤੀ ਵਿਚ ਹੈ। ਵੈਸ਼ ਸਮਾਜ ਨੂੰ ਭਾਜਪਾ ਦਾ ਮੁੱਖ ਵੋਟਰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਸਿਆਸੀ ਤਜ਼ਰਬੇ ਅਤੇ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਦਿੱਲੀ 'ਚ ਕੋਈ ਮਹਿਲਾ ਮੁੱਖ ਮੰਤਰੀ ਚੁਣੀ ਜਾਂਦੀ ਹੈ ਤਾਂ ਰੇਖਾ ਗੁਪਤਾ ਦੀ ਦਾਅਵੇਦਾਰੀ ਕਾਫੀ ਮਜ਼ਬੂਤ ਹੋ ਸਕਦੀ ਹੈ। ਇਸ ਸਮੇਂ ਦੇਸ਼ ਵਿੱਚ ਭਾਜਪਾ ਦੀ ਕੋਈ ਵੀ ਮਹਿਲਾ ਮੁੱਖ ਮੰਤਰੀ ਨਹੀਂ ਹੈ।
- PTC NEWS