Ropar News : '5 ਮਹੀਨੇ ਪਹਿਲਾਂ ਹੋਇਆ ਸੜਕ ਹਾਦਸਾ, ਬਾਂਹ ਗੁਆਈ, ਪਰ ਨਹੀਂ ਮਿਲਿਆ ਇਨਸਾਫ਼', ਪੀੜਤਾ ਨੇ ਰੋ-ਰੋ ਕੇ ਸੁਣਾਈ ਹੱਡਬੀਤੀ
Ropar News : ਚੰਡੀਗੜ੍ਹ-ਮਨਾਲੀ ਕੌਮੀ ਮਾਰਗ 'ਤੇ ਰੋਪੜ ਵਿਖੇ ਟੋਲ ਪਲਾਜਾ 'ਤੇ ਕੰਮ ਕਰਦੀ ਇਕ ਕੁੜੀ ਨੂੰ ਟਿੱਪਰ ਚਾਲਕ ਨੇ ਕੁਚਲ ਦਿੱਤਾ ਤੇ ਇਸ ਹਾਦਸੇ ਵਿਚ ਇਹ ਕੁੜੀ ਅਪਾਹਜ ਹੋ ਗਈ। ਲਗਭਗ ਪੰਜ ਮਹੀਨੇ ਪਹਿਲਾਂ ਦੀ ਇਹ ਘਟਨਾ ਹੈ, ਜਿਸ ਵਿੱਚ ਟੋਲ ਪਲਾਜਾ ਦੀ ਪਰਚੀ ਬਚਾਉਣ ਦੇ ਚੱਕਰ ਵਿੱਚ ਜਦੋਂ ਟਿੱਪਰ ਚਾਲਕ ਨੇ ਟਿੱਪਰ ਭਜਾ ਲਿਆ ਤੇ ਇਸ ਟਿੱਪਰ ਨੂੰ ਰੁਕਣ ਦਾ ਇਸ਼ਾਰਾ ਕਰਦੀ ਹੋਈ ਲੜਕੀ ਕਮਲਪ੍ਰੀਤ ਕੌਰ 'ਤੇ ਹੀ ਇਹ ਟਿੱਪਰ ਚੜਾ ਦਿੱਤਾ ਗਿਆ।
ਕਮਲਪ੍ਰੀਤ ਕੌਰ ਨੇ ਦੱਸਿਆ ਕਿ ਟਿੱਪਰ ਚੜਾਉਣ ਵਾਲੇ ਖਿਲਾਫ ਕਾਰਵਾਈ ਕਰਦਿਆਂ ਪੁਲਿਸ ਨੇ ਪਰਚਾ ਤਾਂ ਦਰਜ ਕਰ ਦਿੱਤਾ ਪਰ ਲਗਭਗ 5 ਮਹੀਨਿਆਂ ਬਾਅਦ ਵੀ ਇਹ ਚਾਲਕ ਪੁਲਿਸ ਦੀ ਪਕੜ ਵਿੱਚ ਨਹੀਂ ਆਇਆ। ਇਹ ਬਿਨਾਂ ਇੰਸੋਰੈਂਸ ਅਤੇ ਬਿਨਾਂ ਨੰਬਰ ਪਲੇਟ ਤੋਂ ਦੌੜਦਾ ਟਿੱਪਰ ਅੱਜ ਪੁਲਿਸ ਥਾਣੇ ਵਿੱਚ ਬੰਦ ਹੈ।
ਕਮਲਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਜਿੱਥੇ ਕਿ ਆਪਣੀ ਹੱਡ ਬੀਤੀ ਦੱਸੀ, ਉੱਥੇ ਹੀ ਨੌਕਰੀ ਕਰਨ ਲਈ ਪਰਿਵਾਰਿਕ ਮਜਬੂਰੀ ਬਾਰੇ ਵੀ ਦੱਸਿਆ ਤੇ ਇਨਸਾਫ਼ ਲਈ ਗੁਹਾਰ ਲਗਾਈ। ਲੋੜਵੰਦ ਪਰਿਵਾਰ ਦੀ ਇਸ ਧੀ ਨੇ ਕਿਹਾ ਕਿ ਜੇਕਰ ਅਜਿਹਾ ਕਿਸੇ ਰਸੂਖਦਾਰ ਪਰਿਵਾਰ ਦੀ ਕੁੜੀ ਨਾਲ ਹੋਇਆ ਹੁੰਦਾ ਤਾਂ ਇਹ ਵੱਡਾ ਮੁੱਦਾ ਵੀ ਬਣ ਜਾਣਾ ਸੀ ਅਤੇ ਇਨਸਾਫ਼ ਵੀ ਮਿਲ ਜਾਣਾ ਸੀ। ਪਰ ਇਹ ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਸਨੂੰ ਨਾ ਤਾਂ ਕੋਈ ਸਹਾਇਤਾ ਮਿਲੀ ਤੇ ਨਾ ਹੀ ਇਨਸਾਫ਼।
ਟਿੱਪਰ ਮਾਲਕ ਗ੍ਰਿਫ਼ਤਾਰ, ਕੁੜੀ ਨੂੰ ਮਿਲ ਰਹੀ ਤਨਖਾਹ : ਪੁਲਿਸ ਦਾ ਦਾਅਵਾ
ਉਧਰ, ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਟਿੱਪਰ ਦਾ ਮਾਲਕ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਟੋਲ ਪਲਾਜਾ ਕੰਪਨੀ ਦੇ ਮੈਨੇਜਰ ਨੇ ਕਿਹਾ ਕਿ ਉਹ ਕੁੜੀ ਨੂੰ ਤਨਖਾਹ ਦੇ ਰਹੇ ਹਨ ਤੇ ਉਸਨੂੰ ਦੋਬਾਰਾ ਨੌਕਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁੜੀ ਲੜਕੀ ਇੰਸ਼ੋਰੈਂਸ ਕਲੇਮ ਦਾ ਵੀ ਦਾਅਵਾ ਕੀਤਾ ਹੈ।
- PTC NEWS