Nabha Road Accident : ਨਾਭਾ 'ਚ ਵਾਪਰਿਆ ਦਰਦਨਾਕ ਹਾਦਸਾ ,ਟਰਾਲੇ ਹੇਠਾਂ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਮੌਤ
Nabha Road Accident : ਪੰਜਾਬ ਵਿੱਚ ਦਿਨੋ-ਦਿਨ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਅਤੇ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਦਰਦਨਾਕ ਸੜਕੀ ਹਾਦਸਾ ਨਾਭਾ ਦੇ ਬੌੜਾਂ ਗੇਟ ਚੌਂਕ ਵਿਖੇ ਵਾਪਰਿਆ ਹੈ। ਜਿੱਥੇ ਟਰਾਲੇ ਨੇ ਮੋਟਰਸਾਈਕਲ ਸਵਾਰ 35 ਸਾਲਾਂ ਨੌਜਵਾਨ ਅਭੇ ਮੋਰੀਆ ਨੂੰ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਚਾਲਕ ਦੀ ਟਰਾਲੇ ਦੇ ਟਾਇਰ ਨੀਚੇ ਆਉਣ ਨਾਲ ਮੌਕੇ 'ਤੇ ਮੌਤ ਹੋ ਗਈ।
ਨਾਭਾ ਦੇ ਬੌੜਾਂ ਗੇਟ ਚੌਂਕ ਵਿਖੇ ਟਰਾਲਾ ਚਾਲਕ ਦੀ ਅਣਗਿਹਲੀ ਦੇ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਅਭੇ ਮੋਰੀਆ ਪਟਿਆਲਾ ਦਾ ਰਹਿਣ ਵਾਲਾ ਸੀ ਅਤੇ ਉਹ ਨਾਭਾ ਦੀ ਇੱਕ ਫੈਕਟਰੀ ਵਿੱਚ ਮੈਨੇਜਰ ਦੇ ਤੌਰ 'ਤੇ ਕੰਮ ਕਰਦਾ ਸੀ। ਜਦੋਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਾਭਾ ਦੇ ਬੌੜਾਂ ਗੇਟ ਵਿਖੇ ਪਹੁੰਚਿਆ ਤਾਂ ਟਰਾਲੇ ਨੇ ਉਸ ਨੂੰ ਫੇਟ ਮਾਰੀ ਅਤੇ ਉਹ ਟਰਾਲੇ ਦੇ ਟਾਇਰ ਦੇ ਨੀਚੇ ਆ ਗਿਆ ਅਤੇ ਉਸਦੀ ਮੌਕੇ 'ਤੇ ਮੌਤ ਹੋ ਗਈ। ਟਰਾਲਾ ਚਾਲਕ ਮੌਕੇ ਤੋਂ ਟਰਾਲਾ ਛੱਡ ਕੇ ਫਰਾਰ ਹੋ ਗਿਆ।
ਇਸ ਮੌਕੇ 'ਤੇ ਨਾਭਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਅਭੇ ਮੋਰੀਆ ਪਟਿਆਲਾ ਦਾ ਰਹਿਣ ਵਾਲਾ ਸੀ ਅਤੇ ਨਾਭਾ ਵਿਖੇ ਫੈਕਟਰੀ ਵਿੱਚ ਕੰਮ ਕਰਦਾ ਸੀ। ਟਰਾਲਾ ਚਾਲਕ ਦੀ ਅਣਗਹਿਲੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਅਸੀਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਰਹੇ ਹਾਂ।
ਇਸ ਮੌਕੇ ਸ਼ਹਿਰ ਨਿਵਾਸੀ ਨੇ ਕਿਹਾ ਕਿ ਸਰਕੁਲਰ ਰੋਡ ਨਾਬਾ ਵਿਖੇ ਕਈ ਸੜਕੀ ਹਾਦਸੇ ਵਾਪਰ ਚੁੱਕੇ ਹਨ ,ਜਿਸ ਵਿੱਚ ਕਈ ਕੀਮਤੀ ਜਾਨਾ ਜਾ ਚੁੱਕੀਆਂ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹਨਾਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਕੁਝ ਕੀਤਾ ਜਾਵੇ। ਟਰਾਲਾ ਚਾਲਕ ਮੌਕੇ ਤੋਂ ਟਰਾਲਾ ਛੱਡ ਕੇ ਫਰਾਰ ਹੋ ਗਿਆ।
- PTC NEWS