Ludhiana Accident : ਵੇਰਕਾ ਮਿਲਕ ਪਲਾਂਟ ਨੇੜੇ ਫਲਾਈ ਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ ,ਡਾਕਟਰ ਦੀ ਮੌਕੇ 'ਤੇ ਹੀ ਮੌਤ , 5 ਜ਼ਖਮੀ
Ludhiana Accident : ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਵੇਰਕਾ ਮਿਲਕ ਪਲਾਂਟ ਨੇੜੇ ਫਲਾਈ ਓਵਰ 'ਤੇ ਸ਼ੁੱਕਰਵਾਰ ਨੂੰ ਇੱਕ ਤੇਜ਼ ਰਫ਼ਤਾਰ ਕ੍ਰੇਟਾ ਅਤੇ ਸਵਿਫਟ ਕਾਰ ਦੀ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਕ੍ਰੇਟਾ ਚਲਾ ਰਹੇ ਡਾਕਟਰ ਗਗਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਸਵਿਫਟ ਵਿੱਚ ਸਵਾਰ 5 ਲੋਕ ਮਾਮੂਲੀ ਜ਼ਖਮੀ ਹੋ ਗਏ ਹਨ।
ਡਾਕਟਰ ਗਗਨਦੀਪ ਸਿੰਘ, ਜੋ ਕਿ ਲੁਧਿਆਣਾ ਦੇ ਜਮਾਲਪੁਰ ਦੇ ਰਹਿਣ ਵਾਲੇ ਸਨ, ਕਿਸੇ ਕੰਮ ਲਈ ਜਗਰਾਉਂ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਕਾਰ ਪਹਿਲਾਂ ਇੱਕ ਬਾਈਕ ਸਵਾਰ ਨਾਲ ਟਕਰਾ ਗਈ ਅਤੇ ਫਿਰ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨਾਲ ਟਕਰਾ ਗਈ। ਜਿਸ ਕਰਕੇ ਡਾਕਟਰ ਦੀ ਕਾਰ ਪਲਟ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕ੍ਰੇਟਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਦੱਸਿਆ ਜਾ ਰਿਹਾ ਹੈ ਕਿ ਸਵਿਫਟ ਵਿੱਚ ਸਵਾਰ ਸਾਰੇ ਲੋਕ ਫਤਿਹਾਬਾਦ ਤੋਂ ਜਲੰਧਰ ਇੱਕ ਸਮਾਗਮ ਲਈ ਆਏ ਸਨ। ਦੇਰ ਰਾਤ ਹੋਣ ਕਰਕੇ ਉਹ ਲੁਧਿਆਣਾ ਰੁਕੇ ਸਨ। ਜਦੋਂ ਇਹ ਹਾਦਸਾ ਵਾਪਰਿਆ ,ਓਦੋਂ ਉਹ ਫਤਿਹਾਬਾਦ ਵਾਪਸ ਜਾ ਰਹੇ ਸਨ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਜ਼ਖਮੀਆਂ ਨੂੰ ਕਾਰ ਤੋਂ ਬਾਹਰ ਕੱਢਿਆ। ਟ੍ਰੈਫਿਕ ਟੋਅ ਵੈਨ ਦੀ ਮਦਦ ਨਾਲ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ।
ਰਾਹਗੀਰਾਂ ਨੇ ਟ੍ਰੈਫਿਕ ਪੁਲਿਸ ਨੂੰ ਕੀਤਾ ਸੂਚਿਤ
ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਟ੍ਰੈਫਿਕ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮ੍ਰਿਤਕ ਗਗਨਦੀਪ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਇਲਾਕਾ ਪੁਲਿਸ ਨੂੰ ਸੂਚਿਤ ਕੀਤਾ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਫਿਲਹਾਲ ਡਾਕਟਰ ਦਾ ਪਰਿਵਾਰ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
- PTC NEWS