Sri Muktsar Sahib News : ਪਿੰਡ ਦੋਦਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ ,ਤਿੰਨ ਕਾਰਾਂ ਦੀ ਟੱਕਰ, ਇਕ ਦੀ ਮੌਤ, ਦੋ ਬੱਚਿਆਂ ਸਮੇਤ 2 ਔਰਤਾਂ ਜ਼ਖਮੀ
Sri Muktsar Sahib News : ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਤੇ ਪਿੰਡ ਦੋਦਾ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਥੇ ਤਿੰਨ ਕਾਰਾਂ ਦੀ ਆਪਸੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਬੱਚਿਆਂ ਸਮੇਤ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆ ਹਨ। ਹਾਦਸੇ ਕਾਰਨ ਮੌਕੇ 'ਤੇ ਚੀਕ-ਚਿਗਾੜਾ ਮਚ ਗਿਆ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਦਰਅਸਲ 'ਚ ਦੇਰ ਸ਼ਾਮ ਹਲਕਾ ਗਿੱਦੜਬਾਹਾ ਦੇ ਪਿੰਡ ਦੋਦਾ ਦੀ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ 'ਤੇ ਸਥਿਤ ਗੋਲਡਨ ਪੈਲੇਸ ਦੇ ਨੇੜੇ ਇਹ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਕਾਰ ਨੂੰ ਜਸਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਚੁੱਘੇ ਕਲਾਂ (ਬਠਿੰਡਾ) ਚਲਾ ਰਿਹਾ ਸੀ, ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੰਡੀਕਾ ਕਾਰ ਐਮਪੀਰੀਅਲ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਚਲਾ ਰਹੀ ਸੀ, ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ।
ਇਸੇ ਸਮੇਂ ਪਿੱਛੋਂ ਆ ਰਹੀ ਜੇਨ ਕਾਰ ਨੂੰ ਅੰਗਰੇਜ਼ ਸਿੰਘ ਵਾਸੀ ਚੱਕ ਸਰੀਆਂ ਚਲਾ ਰਿਹਾ ਸੀ, ਵੀ ਇਨ੍ਹਾਂ ਦੋ ਕਾਰਾਂ ਨਾਲ ਜਾ ਟਕਰਾਈ। ਤਿੰਨ ਕਾਰਾਂ ਦੀ ਇਸ ਜ਼ਬਰਦਸਤ ਟੱਕਰ ਨਾਲ ਜਸਪ੍ਰੀਤ ਸਿੰਘ, ਜੋ ਫੌਜ ਵਿਚ ਸੇਵਾ ਕਰਦਾ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਨਾਲ ਸਫਰ ਕਰ ਰਹੇ ਦੋ ਬੱਚੇ ਅਤੇ ਉਸ ਦੀ ਮਾਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਹਾਦਸੇ ਵਿਚ ਪ੍ਰਿੰਸੀਪਲ ਪਰਮਿੰਦਰ ਕੌਰ ਵੀ ਜ਼ਖਮੀ ਹੋਈ, ਜਿਨ੍ਹਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ। ਜਦਕਿ ਮਾਰੂਤੀ ਜੇਨ ਕਾਰ ਦਾ ਚਾਲਕ ਖੁਸ਼ਕਿਸਮਤੀ ਨਾਲ ਸੁਰੱਖਿਅਤ ਬਚ ਗਿਆ, ਹਾਲਾਂਕਿ ਉਸ ਦੀ ਕਾਰ ਨੂੰ ਕਾਫ਼ੀ ਨੁਕਸਾਨ ਹੋਇਆ। ਮੌਕੇ 'ਤੇ ਪਹੁੰਚੇ ਪੁਲਿਸ ਚੌਂਕੀ ਦੋਦਾ ਨੇ ਹਾਦਸੇ ਸਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਜਾਨੀ ਨੁਕਸਾਨ ਕਾਰਨ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼
- PTC NEWS