Samantha Ruth Prabhu Marriage : ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਫ਼ਿਲਮ ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਕਰਵਾਇਆ ਵਿਆਹ
Samantha Ruth Prabhu Marriage : ਸਾਊਥ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਦੂਜੀ ਵਾਰ ਵਿਆਹ ਕਰਵਾਇਆ ਹੈ। ਉਸਨੇ "ਦਿ ਫੈਮਿਲੀ ਮੈਨ" ਦੇ ਨਿਰਮਾਤਾ ਰਾਜ ਨਿਦੀਮੋਰੂ ਨਾਲ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਸਦਗੁਰੂ ਦੇ ਈਸ਼ਾ ਯੋਗਾ ਸੈਂਟਰ ਵਿੱਚ ਵਿਆਹ ਕਰਵਾ ਲਿਆ ਹੈ, ਜਿਸ ਵਿੱਚ ਸਿਰਫ਼ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਏ। ਸਮੰਥਾ ਨੇ ਸੋਸ਼ਲ ਮੀਡੀਆ 'ਤੇ ਫੋਟੋਆਂ ਸਾਂਝੀਆਂ ਕੀਤੀਆਂ।
ਸਮੰਥਾ ਰੂਥ ਪ੍ਰਭੂ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰਾਜ ਨਿਦੀਮੋਰੂ ਨਾਲ ਵਿਆਹ ਕਰਵਾ ਲਿਆ ਹੈ। ਅਦਾਕਾਰਾ ਨੇ ਆਪਣੇ ਵਿਆਹ ਦੀ ਪਹਿਲੀ ਫੋਟੋ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ। ਇਹ ਜੋੜਾ ਇੱਕ ਸਾਦੇ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਿਆ। ਲਾਲ ਸਾੜੀ ਪਹਿਨੀ ਅਦਾਕਾਰਾ ਨੇ ਪਵਿੱਤਰ ਅਗਨੀ ਦੇ ਫੇਰੇ ਲਏ ਅਤੇ ਨਿਰਦੇਸ਼ਕ ਨੂੰ ਆਪਣਾ ਹਮਸਫਰ ਬਣਾਇਆ।
ਸਮੰਥਾ ਨੇ ਲਾਲ ਸਾੜੀ ਪਹਿਨੀ ਸੀ, ਜਦੋਂ ਕਿ ਰਾਜ ਨੇ ਚਿੱਟਾ ਕੁੜਤਾ-ਪਜਾਮਾ ਅਤੇ ਹਲਕੇ ਭੂਰੇ ਰੰਗ ਦੀ ਜੈਕੇਟ ਪਾਈ ਹੋਈ ਸੀ। ਇੱਕ ਫੋਟੋ ਵਿੱਚ ਹਵਨ ਸਮਾਰੋਹ ਦਿਖਾਇਆ ਗਿਆ ਹੈ ਅਤੇ ਇੱਕ ਹੋਰ ਔਰਤ ਪਿਛੋਕੜ ਵਿੱਚ ਸਮੰਥਾ ਅਤੇ ਰਾਜ ਨਾਲ ਦਿਖਾਈ ਦੇ ਰਹੀ ਹੈ। ਤਸਵੀਰ ਧੁੰਦਲੀ ਹੈ। ਇਸ ਫੋਟੋ ਵਿੱਚ ਸਮੰਥਾ ਦੇ ਹੱਥਾਂ 'ਤੇ ਮਹਿੰਦੀ ਅਤੇ ਮੰਗਣੀ ਦੀ ਅੰਗੂਠੀ ਦੇਖ ਸਕਦੇ ਹੋ। ਉਸਨੇ ਆਪਣੇ ਗਲੇ ਵਿੱਚ ਮੰਗਲਸੂਤਰ ਵੀ ਪਾਇਆ ਹੋਇਆ ਹੈ।
ਚਾਰ ਸਾਲ ਪਹਿਲਾਂ ਹੋਇਆ ਸੀ ਸਮੰਥਾ ਦਾ ਤਲਾਕ
ਦੱਸਣਯੋਗ ਹੈ ਕਿ ਸਾਮੰਥਾ ਰੂਥ ਪ੍ਰਭੂ ਨੇ ਪਹਿਲਾ ਵਿਆਹ ਸਾਲ 2017 ਵਿੱਚ ਨਾਗਾ ਚੈਤੰਨਿਆ ਨਾਲ ਕੀਤਾ ਸੀ। 2021 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ। ਉੱਥੇ ਹੀ ਰਾਜ ਦੀ ਪਹਿਲੀ ਪਤਨੀ ਸ਼ਿਆਮਲੀ ਹੈ, ਜਿਸ ਤੋਂ ਉਸ ਦਾ ਤਲਾਕ ਕਦੋਂ ਹੋਇਆ ਇਸ ਬਾਰੇ ਹਾਲੇ ਜਾਣਕਾਰੀ ਨਹੀਂ ਹੈ। ਸਮੰਥਾ ਰਾਜ ਤੋਂ ਉਮਰ ਵਿੱਚ 8 ਸਾਲ ਛੋਟੀ ਹੈ। ਦੋਵਾਂ ਨੇ ਇਕੱਠਿਆਂ 'ਦ ਫੈਮਿਲੀ ਮੈਨ 2' ਅਤੇ 'ਸਿਟਾਡੇਲ ਹਨੀ ਬਨੀ' ਵਿੱਚ ਕੰਮ ਕੀਤਾ ਸੀ।
- PTC NEWS