Bathinda News : ਬਠਿੰਡਾ ਸਿਵਲ ਹਸਪਤਾਲ 'ਚ 30 ਲੱਖ ਤੋਂ ਵੱਧ ਦਾ ਘਪਲਾ , SMO ਸਮੇਤ 3 ਲੋਕ ਸਸਪੈਂਡ
Bathinda News : ਬਠਿੰਡਾ ਦੇ ਸਿਵਲ ਹਸਪਤਾਲ 'ਚ ਗੱਡੀਆਂ ਵਿੱਚ ਡੀਜ਼ਲ ਪਾਉਣ ਦੇ ਨਾਮ 'ਤੇ ਲੱਖਾਂ ਰੁਪਏ ਦਾ ਘਪਲਾ ਕਰਨ ਦਾ ਮਾਮਲਾ ਉਜਾਗਰ ਹੋਇਆ ਹੈ। ਜਿਸ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਉਥੇ ਹੀ ਸਿਹਤ ਵਿਭਾਗ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਬਠਿੰਡਾ ਸਿਵਲ ਹਸਪਤਾਲ ਵਿੱਚ ਐਸਐਮਓ ਰਹੇ ਗੁਰਮੇਲ ਸਿੰਘ ਸਮੇਤ 2 ਕਲਰਕਾਂ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੂਰੇ ਮਾਮਲੇ 'ਤੇ ਸ਼ਿਕਾਇਤ ਕਰਤਾ ਵੱਲੋਂ ਸਿਰਫ ਗੱਡੀਆਂ ਵਿੱਚ ਪਾਏ ਜਾਣ ਵਾਲੇ ਡੀਜ਼ਲ ਵਿੱਚ ਹੀ ਨਹੀਂ ਸਗੋਂ ਹਸਪਤਾਲ ਵਿੱਚ ਲੋਕਾਂ ਤੋਂ ਫੀਸ ਦੇ ਰੂਪ ਵਿੱਚ ਲਈ ਜਾਣ ਵਾਲੀ ਪਰਚੀ ਦੀ ਰਕਮ ਵੱਡੇ ਘਪਲੇ ਹੋਣ ਦੇ ਖੁਲਾਸੇ ਕੀਤੇ ਹਨ।
ਬਠਿੰਡਾ ਸਿਵਲ ਹਸਪਤਾਲ ਵਿੱਚ ਖਸਤਾ ਹੋਈਆਂ ਗੱਡੀਆਂ ਵਿੱਚ ਤੇਲ ਪਾ ਕੇ ਲੱਖਾਂ ਰੁਪਏ ਦਾ ਘਪਲਾ ਕਰਨ ਦਾ ਮਾਮਲਾ ਸਮਾਜ ਸੇਵੀ ਹਰਤੇਜ ਸਿੰਘ ਵੱਲੋਂ ਉਜਾਗਰ ਕੀਤਾ ਗਿਆ ਹੈ। ਹਰਤੇਜ ਸਿੰਘ ਨੇ ਬੇਸ਼ੱਕ ਇਸ ਦੀ ਸ਼ਿਕਾਇਤ ਕਈ ਮਹੀਨੇ ਪਹਿਲਾਂ ਸਿਹਤ ਵਿਭਾਗ ਨੂੰ ਕੀਤੀ ਸੀ ਪਰ ਸਿਹਤ ਵਿਭਾਗ ਦੀ ਢਿੱਲੀ ਕਾਰਵਾਈ ਦੇ ਚਲਦਿਆਂ ਸ਼ਿਕਾਇਤ ਉੱਤੇ ਬਹੁਤੀ ਕਾਰਵਾਈ ਨਹੀਂ ਕੀਤੀ ਗਈ ਪਰ ਬੀਤੇ ਦਿਨ ਵਿਜੀਲੈਂਸ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈਣ ਅਤੇ ਮਾਮਲੇ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਸਿਹਤ ਵਿਭਾਗ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ।
ਹੁਣ ਇਸ ਮਾਮਲੇ ਵਿੱਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਬਠਿੰਡਾ ਸਿਵਲ ਹਸਪਤਾਲ ਵਿੱਚ ਐਸਐਮਓ ਰਹੇ ਗੁਰਮੇਲ ਸਿੰਘ ਅਤੇ 2 ਕਲਰਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬੇਸ਼ੱਕ ਗੁਰਮੇਲ ਸਿੰਘ ਦੀ ਕੁਝ ਸਮਾਂ ਪਹਿਲਾਂ ਬਦਲੀ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਕਰ ਦਿੱਤੀ ਗਈ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਕਈ ਮਹੀਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਪਰ ਸਿਹਤ ਵਿਭਾਗ ਨੇ ਉਸ 'ਤੇ ਬਹੁਤੀ ਕਾਰਵਾਈ ਨਹੀਂ ਕੀਤੀ ਪਰ ਹੁਣ ਇਹ ਮਾਮਲਾ ਵਿਜੀਲੈਂਸ ਵਿਭਾਗ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਕਾਰਵਾਈ ਹੋਈ ਹੈ।
ਉਹਨਾਂ ਦੱਸਿਆ ਕਿ ਘਪਲਾ ਸਿਰਫ ਡੀਜ਼ਲ ਵਿੱਚ ਹੀ ਨਹੀਂ ਕੀਤਾ ਗਿਆ ਸਗੋਂ ਸਿਵਿਲ ਹਸਪਤਾਲ ਵਿੱਚ ਇਲਾਜ ਲਈ ਜਾਂ ਟੈਸਟਾਂ ਲਈ ਲਈ ਜਾਂਦੀ ਫੀਸ ਦੀ ਪਰਚੀ ਵਿੱਚ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਲੋਕ ਲਿਪਤ ਹਨ ਅਤੇ ਉਹਨਾਂ ਦੇ ਖਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਆਪਣੇ ਅਧਿਕਾਰੀਆਂ ਨੂੰ ਬਚਾਉਣਾ ਚਾਹੁੰਦਾ ਸੀ ਪਰ ਵਿਜੀਲੈਂਸ ਅਤੇ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਕੇ ਐਸਐਮਓ ਤੇ 2 ਹੋਰ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ।
- PTC NEWS