ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ 'ਆਪ' 'ਤੇ ਸਾਧਿਆ ਨਿਸ਼ਾਨਾ, ਕੀਤੇ ਕਈ ਵੱਡੇ ਖੁਲਾਸੇ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਖ਼ਿਲਾਫ਼ ਹਾਲ ਹੀ 'ਚ ਕੀਤੀ ਗਈ ਸ਼ਿਕਾਇਤ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 'ਆਪ' ਸਰਕਾਰ ਦੇ ਝੂਠੇ ਆਮ ਆਦਮੀ (ਮੰਤਰੀਆਂ ਅਤੇ ਵਿਧਾਇਕਾਂ) ਦਾ ਹੰਕਾਰ ਕਾਬੂ ਤੋਂ ਬਾਹਰ ਹੋ ਗਿਆ ਹੈ।
ਬਾਜਵਾ ਨੇ ਕਿਹਾ, "ਪਿਛਲੇ ਕੁਝ ਮਹੀਨਿਆਂ ਤੋਂ ਕਥਿਤ ਰਿਸ਼ਵਤ ਦੇ ਕੇਸ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਹੁਣ ਬਠਿੰਡਾ ਦੇ ਐੱਸ.ਐੱਸ.ਪੀ ਕੋਲ ਪਹੁੰਚ ਕਰ ਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਿਰੁੱਧ ਐੱਸ.ਸੀ/ਐੱਸ.ਟੀ ਐਕਟ ਅਤੇ ਆਈ.ਪੀ.ਸੀ ਦੀਆਂ ਹੋਰ ਧਾਰਾਵਾਂ ਤਹਿਤ ਐੱਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਹੈ।"
ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਇਹ ਸਮਾਗਮ 14 ਅਕਤੂਬਰ ਨੂੰ ਹੋਇਆ ਸੀ। ਵਿਧਾਇਕ ਨੇ 25 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਵਿਧਾਇਕ ਕੋਟਫੱਤਾ ਨੇ ਇਹ ਸ਼ਿਕਾਇਤ ਉਸ ਘਟਨਾ ਤੋਂ ਬਾਅਦ ਕੀਤੀ ਜੱਦੋ ਬਠਿੰਡਾ ਨਗਰ ਨਿਗਮ ਵੱਲੋਂ ਕੋਟਫੱਤਾ ਦੇ ਪਿਤਾ ਅਤੇ ਸੇਵਾਮੁਕਤ ਇਨਕਮ ਟੈਕਸ ਕਮਿਸ਼ਨਰ ਬਾਬੂ ਰਤਨ ਵੱਲੋਂ ਕਥਿਤ ਤੌਰ 'ਤੇ ਮਕਾਨ ਬਣਾਉਣ ਲਈ ਜ਼ਮੀਨ 'ਤੇ ਇਤਰਾਜ਼ ਜ਼ਾਹਿਰ ਕੀਤਾ। ਜਿਸ ਜ਼ਮੀਨ 'ਤੇ ਮਕਾਨ ਬਣਾਇਆ ਜਾ ਰਿਹਾ ਹੈ ਉਹ ਪੱਟੀ ਝੁਟੀ ਪਿੰਡ ਦੀ 'ਸ਼ਾਮਲਾਤ ਜ਼ਮੀਨ' ਹੈ।ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਟਫੱਤਾ ਨੂੰ ਘੱਟੋ-ਘੱਟ ਜਾਂਚ ਹੋਣ ਤੱਕ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ, " ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਦਾਅਵਾ ਕਰਦੇ ਹਨ ਪਰ ਉਹ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ਵਿਰੁੱਧ ਕਾਰਵਾਈ ਕਰਨ ਵਿੱਚ ਬੁਰੀ ਤਰਾਂ ਅਸਫਲ ਰਹੇ ਹਨ,ਜਿਨ੍ਹਾਂ ਦੇ ਨਾਮ ਸਿੱਧੇ ਜਾਂ ਅਸਿੱਧੇ ਤੌਰ 'ਤੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਹੋਰ ਕਈ ਗ਼ੈਰ-ਕਾਨੂੰਨੀ ਗਤੀਵਿਧੀਆਂ ਦੇ ਮਾਮਲਿਆਂ ਵਿੱਚ ਸਾਹਮਣੇ ਆਏ ਹਨ।"
ਸੂਬੇ ਵਿੱਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਬਾਜਵਾ ਨੇ ਕਿਹਾ ਕਿ ਮਾਲ ਰੋਡ ਸ਼ਾਪਕੀਪਰਜ਼ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਹਰਜਿੰਦਰ ਸਿੰਘ ਨੂੰ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਗਈ। ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਚੋਣਾਂ ਵਾਲੇ ਸੂਬੇ ਮੱਧ ਪ੍ਰਦੇਸ਼ ਵਿੱਚ ਰੋਡ ਸ਼ੋਅ ਕਰਨ ਵਿੱਚ ਰੁੱਝੇ ਹੋਏ ਹਨ। ਜੇ ਉਹ ਪ੍ਰਦਰਸ਼ਨ ਕਰਨ ਵਿੱਚ ਅਸਮਰੱਥ ਹਨ ਤਾਂ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
- PTC NEWS