53 ਸਾਲ ਪਹਿਲਾਂ ਘਰ ਦਾ ਚੁੱਲ੍ਹਾ ਬਾਲਣ ਪਿੱਛੇ 7 ਬਜ਼ੁਰਗ ਔਰਤਾਂ ਨੂੰ ਹੁਣ ਮਿਲੇਗੀ ਸਜ਼ਾ? ਜਾਣੋ ਪੁਰਾ ਮਾਮਲਾ
ਬੂੰਦੀ (ਰਾਜਸਥਾਨ): ਰਾਜਸਥਾਨ ਦੇ ਬੂੰਦੀ ਦੀਆਂ ਸੱਤ ਬਜ਼ੁਰਗ ਔਰਤਾਂ ਨੂੰ ਹੁਣ ਥਾਣੇ ਅਤੇ ਅਦਾਲਤ ਵਿੱਚ ਪੇਸ਼ੀ ਭੁਗਤਨੀ ਪੈ ਰਹੀ ਹੈ, ਕਸੂਰ ਸਿਰਫ਼ ਇਨ੍ਹਾ ਕਿ 1971 ਵਿੱਚ 53 ਸਾਲ ਪਹਿਲਾਂ ਉਨ੍ਹਾਂ 'ਤੇ ਜੰਗਲ ਵਿੱਚੋਂ ਲੱਕੜਾਂ ਕੱਟਣ ਦਾ ਇਲਜ਼ਾਮ ਲੱਗਿਆ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਪਰ ਹੁਣ ਜਾ ਕੇ ਪੁਲਿਸ ਅਚਾਨਕ ਹਰਕਤ 'ਚ ਆਈ ਹੈ। ਬੂੰਦੀ ਪੁਲਿਸ ਨੇ 53 ਸਾਲ ਬਾਅਦ 7 ਬਜ਼ੁਰਗ ਔਰਤਾਂ ਨੂੰ ਲੱਕੜਾਂ ਕੱਟਣ ਦੇ ਇਲਜ਼ਾਮ 'ਚ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ।
ਘਰ ਦੇ ਚੁੱਲ੍ਹੇ ਨੂੰ ਬਾਲਣ ਲਈ ਜੰਗਲ ਵਿੱਚੋਂ ਲੱਕੜਾਂ ਕੱਟੀਆਂ
ਜਿਨ੍ਹਾਂ ਸੱਤ ਬਜ਼ੁਰਗ ਔਰਤਾਂ ਨੂੰ ਰਾਜਸਥਾਨ ਬੂੰਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਉਨ੍ਹਾਂ ਦੀ ਕੰਬਦੀ ਯਾਦ ਵੀ ਸ਼ਾਇਦ ਇਹ ਦਰਜ ਨਹੀਂ ਕਰ ਪਾਉਂਦੀ ਕਿ ਉਨ੍ਹਾਂ ਨੇ ਕਿਹੜਾ ਜੁਰਮ ਕੀਤਾ ਸੀ। ਪੁਲਿਸ ਮੁਤਾਬਕ ਇਹ ਮਾਮਲਾ 1971 ਯਾਨੀ 53 ਸਾਲ ਪੁਰਾਣਾ ਮਾਮਲਾ ਹੈ। ਉਦੋਂ ਇਨ੍ਹਾਂ ਔਰਤਾਂ ਨੇ ਘਰ ਦਾ ਚੁੱਲ੍ਹਾ ਬਾਲਣ ਲਈ ਜੰਗਲ ਤੋਂ ਲੱਕੜਾਂ ਕੱਟੀਆਂ ਸਨ। ਦੂਜੇ ਪਾਸੇ ਮੋਤੀ ਬਾਈ ਨਾਮ ਦੀ ਨਾਮਜ਼ਦ ਔਰਤ ਦਾ ਕਹਿਣਾ ਹੈ ਕਿ ਅਸੀਂ ਲੱਕੜਾਂ ਜ਼ਰੂਰ ਕੱਟਦੇ ਸੀ। ਘਰ ਵਿੱਚ ਖਾਣਾ ਪਕਾਉਣ ਲਈ ਲੱਕੜ ਕੱਟਣ ਦੀ ਲੋੜ ਪੈਂਦੀ ਸੀ। ਸਾਨੂੰ ਨਹੀਂ ਪਤਾ ਸੀ ਕਿ ਪੁਲਿਸ ਇਸ ਲਈ ਸਾਨੂੰ ਗ੍ਰਿਫਤਾਰ ਕਰੇਗੀ, ਕਿਉਂਕਿ ਲੱਕੜ ਕੱਟਣ ਸਮੇਂ ਜੰਗਲਾਤ ਵਿਭਾਗ ਦੇ ਅਧਿਕਾਰੀ ਸਾਡੇ ਨਾਮ ਲਿਖ ਲੈਂਦੇ ਸਨ ਅਤੇ ਅਸੀਂ ਉਥੋਂ ਚਲੇ ਜਾਂਦੇ ਸੀ।
2017-23 ਦਰਮਿਆਨ 16 ਲੱਖ ਤੋਂ ਵੱਧ ਐਫਆਈਆਰ ਦਰਜ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਵੈੱਬਸਾਈਟ ਦੱਸਦੀ ਹੈ ਕਿ 2017 ਤੋਂ 2023 ਦਰਮਿਆਨ ਰਾਜਸਥਾਨ 'ਚ 17 ਲੱਖ 87 ਹਜ਼ਾਰ ਤੋਂ ਵੱਧ ਐੱਫ.ਆਈ.ਆਰ. ਦਰਜ ਹੋਈਆਂ। ਇਸ ਦੇ ਨਾਲ ਹੀ ਲਗਭਗ 104 ਦਿਨਾਂ ਵਿੱਚ ਔਸਤਨ 1 ਐਫ.ਆਈ.ਆਰ ਦਾ ਨਿਪਟਾਰਾ ਵੀ ਹੋਇਆ। ਯਾਨੀ ਐਫ.ਆਈ.ਆਰ ਦੇ ਨਿਪਟਾਰੇ ਦੀ ਔਸਤ ਲਗਭਗ 94 ਫੀਸਦੀ ਰਹੀ। ਹੁਣ ਬੂੰਦੀ ਦੇ ਇਸ ਮਾਮਲੇ 'ਤੇ ਨਜ਼ਰ ਮਾਰੀਏ ਤਾਂ 1971 ਦਾ ਮਾਮਲਾ ਸੂਬਾ ਪੁਲਿਸ 2023 'ਚ ਹੱਲ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਸ਼ਾਇਦ ਐੱਨ.ਸੀ.ਆਰ.ਬੀ. ਨੂੰ ਐਫ.ਆਈ.ਆਰ ਨਿਪਟਾਰੇ ਦੀ ਔਸਤ ਵਿੱਚ ਮਾਮੂਲੀ ਤਬਦੀਲੀ ਕਰਨੀ ਚਾਹੀਦੀ ਹੈ।
ਹਿੰਡੋਲੀ ਪੁਲਿਸ ਨੇ 12 ਔਰਤਾਂ ਖ਼ਿਲਾਫ਼ ਦਰਜ ਕੀਤਾ ਸੀ ਕੇਸ
ਦੱਸ ਦੇਈਏ ਕਿ ਇਹ ਔਰਤਾਂ ਹਿੰਡੋਲੀ ਜੰਗਲੀ ਖੇਤਰ ਨਾਲ ਸਬੰਧਤ ਹਨ। ਜਦੋਂ ਉਹ ਜਵਾਨ ਸੀ ਤਾਂ ਕਦੇ-ਕਦਾਈਂ ਉਹ ਜੰਗਲਾਂ ਵਿੱਚ ਲੱਕੜਾਂ ਵੱਢਣ ਲਈ ਜਾਂਦੀਆਂ ਸਨ, ਉਦੋਂ ਇਹ ਬਹੁਤ ਆਮ ਵਰਤਾਰਾ ਸੀ। ਪਰ ਪੁਲਿਸ ਨੇ ਹੁਣ ਇਨ੍ਹਾਂ ਅਪਰਾਧੀ ਮਹਿਲਾਵਾਂ ਦੀ ਭਾਲ ਵਿੱਚ ਜੇਹੜੀ ਮੁਸਤੈਦੀ ਦਿਖਾਈ ਹੈ, ਇਸਨੂੰ ਕੀ ਆਖ ਸਕਦੇਂ ਹਾਂ। ਇਹ ਸਾਰੀ ਮਹਿਲਾਵਾਂ ਵਿਆਹੀਆਂ ਹੋਈਆਂ ਹਨ ਅਤੇ ਸਾਰੀਆਂ ਨੂੰ ਸਹੁਰੇ ਘਰੋਂ ਭਾਲ ਕਰਕੇ ਲਿਆਂਦਾ ਗਿਆ। ਕਾਬਿਲੇਗੌਰ ਹੈ ਕਿ 1971 ਵਿੱਚ ਹਿੰਡੋਲੀ ਪੁਲਿਸ ਨੇ 12 ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
3 ਔਰਤਾਂ ਦੀ ਹੋਈ ਮੌਤ, 2 ਅਜੇ ਫਰਾਰ
ਰਾਜਸਥਾਨ ਦੀ ਹਿੰਡੋਲੀ ਪੁਲਿਸ ਇਹ ਜਾਂਚ 53 ਸਾਲਾਂ ਵਿੱਚ ਪੂਰੀ ਕਰ ਸਕੀ ਹੈ। ਇਸ ਦੌਰਾਨ 3 ਔਰਤਾਂ ਦੀ ਮੌਤ ਹੋ ਗਈ ਜਦਕਿ ਪੁਲਿਸ ਨੇ 7 ਔਰਤਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਇਸ ਮਾਮਲੇ 'ਚ 2 ਔਰਤਾਂ ਅਜੇ ਵੀ ਫਰਾਰ ਚਲ ਰਹੀਆਂ ਹਨ।
ਅਦਾਲਤ ਨੇ ਮੁਲਜ਼ਮ ਔਰਤਾਂ ਨੂੰ 500 ਰੁਪਏ ਦੇ ਬਾਂਡ ’ਤੇ ਕੀਤਾ ਰਿਹਾਅ
ਅਦਾਲਤ ਨੇ ਸਾਰਿਆਂ ਨੂੰ 500 ਰੁਪਏ ਦੇ ਬਾਂਡ 'ਤੇ ਰਿਹਾਅ ਕਰ ਦਿੱਤਾ ਹੈ। ਹਾਲਾਂਕਿ ਔਰਤਾਂ ਦਾ ਕਹਿਣਾ ਹੈ ਕਿ 500 ਰੁਪਏ ਵੀ ਇਨ੍ਹਾਂ ਔਰਤਾਂ 'ਤੇ ਬੋਝ ਪਾ ਰਹੇ ਹਨ। ਇਹ ਗਰੀਬ ਘਰਾਂ ਦੀਆਂ ਔਰਤਾਂ ਹਨ ਪਰ ਅਸਲ ਸਵਾਲ ਇਹ ਹੈ ਕਿ ਜਦੋਂ ਹਰ ਤਰ੍ਹਾਂ ਦੇ ਵਿਚੋਲੇ ਅਤੇ ਜੰਗਲਾਤ ਮਾਫੀਆ ਨੇ ਸਰਕਾਰ ਅਤੇ ਜੰਗਲਾਤ ਪ੍ਰਸ਼ਾਸਨ ਦੀ ਨੱਕ ਹੇਠੋਂ ਸਾਰਾ ਜੰਗਲ ਹੀ ਕੱਟ ਦਿੱਤਾ ਹੈ ਤਾਂ ਪੁਲਿਸ ਨੇ ਇਨ੍ਹਾਂ ਗਰੀਬ ਔਰਤਾਂ 'ਤੇ ਅੱਖ ਕਿਉਂ ਰੱਖੀ। ਕੀ ਇਹ ਇਨਸਾਫ਼ ਦਾ ਦਰਦਨਾਕ ਮਜ਼ਾਕ ਨਹੀਂ ਹੈ? ਪਰ ਫਿਲਹਾਲ ਹਿੰਡੋਲੀ ਪੁਲਿਸ ਇਸ ਕਾਰਵਾਈ ਲਈ ਆਪਣੀ ਪਿੱਠ ਥਪਥਪਾਉਂਦੀ ਨਜ਼ਰ ਆ ਰਹੀ ਹੈ।
ਅਗਲੀ ਖ਼ਬਰ ਪੜ੍ਹੋ: ਬ੍ਰਾਈਡਲ ਲੁੱਕ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ; ਪ੍ਰਸ਼ੰਸਕਾਂ ਨੇ ਕੀਤੀ ਤਾਰੀਫ, ਤੁਸੀਂ ਵੀ ਦੇਖੋ ਤਸਵੀਰਾਂ
- With inputs from agencies