SGPC ਪ੍ਰਧਾਨ ਐਡਵੋਕੇਟ ਧਾਮੀ ਨੇ ਅਮਰੀਕਾ ’ਚ ਬਜ਼ੁਰਗ ਸਿੱਖ ’ਤੇ ਹੋਏ ਨਸਲੀ ਹਮਲੇ ਦੀ ਕੀਤੀ ਨਿੰਦਾ
Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਅੰਦਰ ਕੈਲੀਫੋਰਨੀਆ ਦੇ ਨਾਰਥ ਹਾਲੀਵੁੱਡ ਵਿਚ ਹਰਪਾਲ ਸਿੰਘ ਨਾਂ ਦੇ ਇਕ ਬਜ਼ੁਰਗ ਸਿੱਖ ’ਤੇ ਹੋਏ ਨਸਲੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੈਲੀਫੋਰਨੀਆ ਵਿਚ ਸਿੱਖ ਬਜ਼ੁਰਗ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦੇਣ ਦੀ ਖ਼ਬਰ ਬੇਹੱਦ ਮੰਦਭਾਗੀ ਹੈ।
ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਦੇਸ਼ਾਂ ਅੰਦਰ ਸਿੱਖ ਉੱਚ ਪਦਵੀਆਂ ’ਤੇ ਕਾਰਜ ਕਰ ਰਹੇ ਹਨ ਅਤੇ ਉਹ ਜਿਸ ਵੀ ਖਿੱਤੇ ਵਿਚ ਵੱਸੇ ਹਨ, ਉਨ੍ਹਾਂ ਨੇ ਉਥੋਂ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਿਰੁੱਧ ਅਜਿਹੀਆਂ ਨਫ਼ਰਤੀ ਘਟਨਾਵਾਂ ਵਾਪਰਣ ਨਾਲ ਕੌਮ ਅੰਦਰ ਰੋਸ ਪੈਦਾ ਹੋਣਾ ਕੁਦਰਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਭਲਾ ਚਾਹੁਣ ਵਾਲੇ ਸਿੱਖਾਂ ’ਤੇ ਵਿਦੇਸ਼ਾਂ ’ਚ ਨਸਲੀ ਹਮਲੇ ਹੋਣਾ ਬੇਹੱਦ ਮੰਦਭਾਗੇ ਹਨ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ।
ਦੱਸ ਦਈਏ ਕਿ ਲਾਸ ਏਂਜਲਸ ਦੇ ਨਾਰਥ ਹਾਲੀਵੁੱਡ ‘ਚ 70 ਸਾਲਾ ਹਰਪਾਲ ਸਿੰਘ ’ਤੇ ਇੱਕ ਵਿਅਕਤੀ ਨੇ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਹਮਲੇ ਵਿਚ ਬਜ਼ੁਰਗ ਸਿੱਖ ਦੀ ਖੋਪੜੀ 'ਚ ਫ੍ਰੈਕਚਰ ਹੋ ਗਿਆ ਅਤੇ ਉਸ ਨੂੰ ਦਿਮਾਗੀ ਸੱਟ ਲੱਗੀ ਹੈ। ਇਸ ਮਾਮਲੇ ਵਿਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਹਮਲੇ ਲਈ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
70 ਸਾਲਾ ਹਰਪਾਲ ਸਿੰਘ 'ਤੇ ਉਦੋਂ ਹਮਲਾ ਕੀਤਾ, ਜਦੋਂ ਉਹ 4 ਅਗਸਤ ਨੂੰ ਲਾਸ ਏਂਜਲਸ ਦੇ ਗੁਰਦੁਆਰੇ ਨੇੜੇ ਆਪਣੀ ਰੋਜ਼ਾਨਾ ਸੈਰ ਕਰ ਰਿਹਾ ਸੀ। ਲਾਸ ਏਂਜਲਸ ਪੁਲਿਸ ਵਿਭਾਗ ਨੇ ਕਿਹਾ ਹੈ ਕਿ 44 ਸਾਲਾ ਵਿਟਾਗਲਿਆਨੋ ਨੂੰ ਸਿੰਘ 'ਤੇ "ਬੇਰਹਿਮ ਹਮਲੇ" ਲਈ ਗ੍ਰਿਫ਼ਤਾਰ ਕੀਤਾ ਗਿਆ। ਵਿਟਾਗਲਿਆਨੋ 'ਤੇ ਘਾਤਕ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਿੱਖ ਬਜ਼ੁਰਗ ’ਤੇ ਹੋਏ ਨਫ਼ਰਤੀ ਹਮਲੇ ਦੀ ਸਿੱਖ ਜਥੇਬੰਦੀਆਂ ਅਤੇ ਧਾਰਮਿਕ ਆਗੂਆਂ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਅਮਰੀਕੀ ਜਾਂਚ ਏਜੰਸੀਆਂ ਤੋਂ ਮੰਗ ਕੀਤੀ ਹੈ ਕਿ ਹਮਲਾਵਰ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਹਮਲਾ ਕੇਵਲ ਇੱਕ ਵਿਅਕਤੀ ’ਤੇ ਨਹੀਂ, ਸਗੋਂ ਪੂਰੀ ਸਿੱਖ ਕੌਮ ’ਤੇ ਹੈ। ਜਥੇਦਾਰ ਨੇ ਐੱਫ.ਬੀ.ਆਈ. ਦੀ 2024 ਦੀ ਨਫ਼ਰਤੀ ਅਪਰਾਧ ਰਿਪੋਰਟ ਨੂੰ ਹਵਾਲਾ ਦਿੰਦਿਆਂ ਦੱਸਿਆ ਕਿ ਅਮਰੀਕਾ ਵਿੱਚ ਸਿੱਖ ਅਜੇ ਵੀ ਤੀਜਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਾ ਧਾਰਮਿਕ ਸਮੂਹ ਹਨ। ਉਨ੍ਹਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਜਾਗਰੂਕ, ਇਕਜੁੱਟ ਅਤੇ ਸ਼ਸਤਰਧਾਰੀ ਰਹਿਣ ਦੀ ਸਲਾਹ ਦਿੰਦੇ ਹੋਏ, ਭਾਰਤ ਸਰਕਾਰ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ।
- PTC NEWS