Iran Israel ਵਿਚਾਲੇ ਜੰਗ ਦੇ ਮੱਦੇਨਜ਼ਰ ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਕੇਂਦਰ ਸਰਕਾਰ- SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ
Iran Israel conflict News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧ ਰਹੀ ਜੰਗੀ ਤਣਾਅ ਉੱਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਜੰਗ ਤੇਜ਼ ਹੋ ਰਹੀ ਹੈ ਅਤੇ ਇਸ ਦੇ ਨਤੀਜੇ ਘਾਤਕ ਹੋ ਸਕਦੇ ਹਨ, ਖ਼ਾਸ ਕਰਕੇ ਇਰਾਨ ਵਿੱਚ ਮੌਜੂਦ ਸਿੱਖ ਧਾਰਮਿਕ ਥਾਵਾਂ ਲਈ।
ਉਨ੍ਹਾਂ ਕਿਹਾ ਕਿ ਇਰਾਨ ਵਿੱਚ ਕਈ ਗੁਰਦੁਆਰਾ ਸਾਹਿਬ ਮੌਜੂਦ ਹਨ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸਥਾਪਤ ਹਨ। ਜੰਗ ਵਿੱਚ ਕਿਸੇ ਵੀ ਤਬਾਹੀ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਰਾਨ ਦੇ ਅਧਿਕਾਰੀਆਂ ਰਾਹੀਂ ਜੰਗ ਪ੍ਰਭਾਵਿਤ ਖੇਤਰਾਂ ‘ਚ ਮੌਜੂਦ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਦੀ ਵਿਵਸਥਾ ਕਰੇ।
ਧਾਮੀ ਨੇ ਉਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕੀਤੀ ਕਿ ਜਿੱਥੇ ਕਿਤੇ ਵੀ ਗੁਰਦੁਆਰਾ ਸਾਹਿਬ ਹੋਣ, ਉਥੇ ਤੁਰੰਤ ਮੈਸਜ ਰਾਹੀਂ ਸੰਪਰਕ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾਵੇ।
ਉਨ੍ਹਾਂ ਕਿਹਾ ਕਿ ਜੰਗ ਕਿਸੇ ਵੀ ਧਰਮਸਥਾਨ ਨੂੰ ਨਹੀਂ ਬਖ਼ਸ਼ਦੀ। ਇਹ ਜਰੂਰੀ ਹੈ ਕਿ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਰੱਖਿਆ ਲਈ ਤੁਰੰਤ ਕਦਮ ਚੁੱਕੇ ਜਾਣ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਅੰਤ ਵਿੱਚ ਉਨ੍ਹਾਂ ਭਾਰਤ ਸਰਕਾਰ ਨੂੰ ਫਿਰ ਤੋਂ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜੰਗ ਪ੍ਰਭਾਵਿਤ ਇਲਾਕਿਆਂ ਵਿੱਚ ਮੌਜੂਦ ਸਿੱਖ ਧਾਰਮਿਕ ਥਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
- PTC NEWS