Shiromani Akali Dal ਨੇ ਸ੍ਰੀ ਮੁਕਤਸਰ ਸਾਹਿਬ ਤੋਂ ਹੜ੍ਹ ਪੀੜਤਾਂ ਲਈ ਰਵਾਨਾ ਕੀਤੇ ਮੱਕੀ ਦੇ ਅਚਾਰ ਦੇ 100 ਟਰੱਕ
Sri Muktsar Sahib News : ਪੰਜਾਬ ਦੇ ਕਈ ਜ਼ਿਲ੍ਹੇ ਭਿਆਨਕ ਹੜ ਦੀ ਮਾਰ ਹੇਠਾਂ ਹਨ ਅਤੇ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਨਗਦ ਰਕਮ, ਡੀਜ਼ਲ, ਰਾਸ਼ਨ ਅਤੇ ਪਸ਼ੂਆਂ ਲਈ ਚਾਰੇ ਦੀ ਵੰਡ ਕਰ ਰਹੇ ਹਨ। ਇਸੇ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਦਾਣਾ ਮੰਡੀ ਤੋਂ 100 ਟਰੱਕ ਪਸ਼ੂ ਚਾਰੇ ਨਾਲ ਲੋਡ ਕਰਕੇ ਰਵਾਨਾ ਕੀਤੇ ਗਏ।
ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਤੇ ਵਰਕਰ ਮੌਜੂਦ ਸਨ। ਅਰਦਾਸ ਕਰਨ ਤੋਂ ਬਾਅਦ ਇਹ ਟਰੱਕ ਅਜਨਾਲਾ, ਪੱਟੀ ਅਤੇ ਹੋਰ ਹੜ ਪੀੜਤ ਇਲਾਕਿਆਂ ਵੱਲ ਰਵਾਨਾ ਕੀਤੇ ਗਏ। ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ੁਰੂ ਤੋਂ ਹੀ ਅਕਾਲੀ ਦਲ ਹੜ ਪੀੜਤ ਲੋਕਾਂ ਦੇ ਨਾਲ ਖੜਾ ਹੈ। ਉਹਨਾਂ ਨੇ ਕਿਹਾ ਕਿ ਚਾਹੇ ਡੀਜ਼ਲ ਦੀ ਜਰੂਰਤ ਹੋਵੇ, ਚਾਹੇ ਨਗਦ ਸਹਾਇਤਾ ਦੀ ਜਾਂ ਫਿਰ ਰਾਸ਼ਨ ਅਤੇ ਪਸ਼ੂਆਂ ਲਈ ਚਾਰੇ ਦੀ, ਹਰ ਤਰ੍ਹਾਂ ਦੀ ਸੇਵਾ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ।
ਉਹਨਾਂ ਨੇ ਖੁਲਾਸਾ ਕੀਤਾ ਕਿ ਹੜ ਨਾਲ ਲਗਭਗ 4 ਲੱਖ ਏਕੜ ਫਸਲ ਤਬਾਹ ਹੋ ਗਈ ਹੈ। ਇਸ ਵਿੱਚੋਂ 1 ਲੱਖ ਏਕੜ ਫਸਲ ਦੀ ਭਰਪਾਈ ਦੀ ਜ਼ਿੰਮੇਵਾਰੀ ਅਕਾਲੀ ਦਲ ਨੇ ਚੁੱਕੀ ਹੈ, 1 ਲੱਖ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਜਦੋਂਕਿ ਬਾਕੀ 2 ਲੱਖ ਏਕੜ ਦਾ ਬੋਝ ਸਰਕਾਰ ਅਤੇ ਡੀਏਪੀ ਮੁਹੱਈਆ ਕਰਵਾਏ। ਸੁਖਬੀਰ ਸਿੰਘ ਬਾਦਲ ਨੇ ਸਾਰੇ ਪੰਜਾਬੀਆਂ, ਐਨਜੀਓਜ਼, ਸੇਵਾ ਸੰਸਥਾਵਾਂ ਅਤੇ ਸਮਾਜਿਕ ਸੋਸਾਇਟੀਆਂ ਨੂੰ ਇਕੱਠੇ ਹੋ ਕੇ ਹੜ ਪੀੜਤਾਂ ਦੀ ਮਦਦ ਕਰਨ ਲਈ ਅਪੀਲ ਕੀਤੀ।
ਉਹਨਾਂ ਨੇ ਕਿਹਾ ਕਿ ਜਦੋਂ ਬਾਹਰਲੇ ਸੂਬਿਆਂ ਵਿੱਚ ਕੋਈ ਬਿਪਤਾ ਆਉਂਦੀ ਹੈ ਤਾਂ ਪੰਜਾਬੀ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਹਨ ਪਰ ਇਸ ਵਾਰ ਪੰਜਾਬ ਦੀ ਮਦਦ ਕਰਨ ਕੋਈ ਵੀ ਬਾਹਰਲੇ ਸੂਬੇ ਜਾਂ ਕੇਂਦਰ ਸਰਕਾਰ ਅੱਗੇ ਨਹੀਂ ਆਏ। ਪੰਜਾਬੀਆਂ ਨੇ ਹੀ ਪੰਜਾਬੀਆਂ ਦੀ ਮਦਦ ਕੀਤੀ ਹੈ। ਉਹਨਾਂ ਨੇ ਐਲਾਨ ਕੀਤਾ ਕਿ ਅਕਾਲੀ ਦਲ 50 ਲੱਖ ਗਰੀਬ ਲੋਕਾਂ ਨੂੰ ਕਣਕ ਵੰਡੇਗਾ ਅਤੇ ਲਗਾਤਾਰ ਰਾਹਤ ਸਮੱਗਰੀ ਭੇਜਦਾ ਰਹੇਗਾ।
ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੱਡੇ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਇਹ ਹੜ ਕੁਦਰਤੀ ਨਹੀਂ ਸਗੋਂ ਸਰਕਾਰੀ ਲਾਪਰਵਾਹੀ ਦਾ ਨਤੀਜਾ ਹੈ। ਬਾਰਿਸ਼ਾਂ ਆਉਣ ਤੋਂ ਪਹਿਲਾਂ ਜਿੱਥੇ ਪਾਣੀ ਥੋੜ੍ਹਾ ਥੋੜ੍ਹਾ ਛੱਡਿਆ ਜਾਣਾ ਚਾਹੀਦਾ ਸੀ, ਓਥੇ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਮਾਧੋਪੁਰ ਡੈਮ ਦੀ ਰਿਪੇਅਰ ਸਬੰਧੀ ਅਧਿਕਾਰੀਆਂ ਵੱਲੋਂ ਚਿੱਠੀ ਲਿਖੀ ਗਈ ਸੀ ਪਰ ਸਰਕਾਰ ਨੇ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ।
ਇਸੇ ਕਰਕੇ ਇੱਕ ਦਮ ਢਾਈ ਤੋਂ ਤਿੰਨ ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਤਬਾਹ ਹੋ ਗਏ ਅਤੇ ਮਾਧੋਪੁਰ ਡੈਮ ਵੀ ਪਾਣੀ ਵਿੱਚ ਵਹਿ ਗਿਆ। ਉਹਨਾਂ ਨੇ ਸਾਫ਼ ਕੀਤਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਆਵੇਗੀ ਤਾਂ ਸਭ ਤੋਂ ਪਹਿਲਾਂ ਦਰਿਆਵਾਂ ਦੇ ਬੰਨ ਪੱਕੇ ਕੀਤੇ ਜਾਣਗੇ ਤਾਂ ਜੋ ਭਵਿੱਖ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਨੂੰ ਇਸ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਨਾ ਕੋਈ ਤਿਆਰੀ ਕੀਤੀ ਤੇ ਨਾ ਹੀ ਲੋਕਾਂ ਨੂੰ ਕੋਈ ਸਹਾਇਤਾ ਦਿੱਤੀ ਹੈ।
ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼
- PTC NEWS