Mansa News : ਸਰਦੂਲਗੜ੍ਹ ਦੇ SHO ਵਿਕਰਮ ਸਿੰਘ ਤੇ ਇੱਕ ਹੌਲਦਾਰ ਨੂੰ ਕੀਤਾ ਮੁਅੱਤਲ ,ਕੁੱਟਮਾਰ ਦੌਰਾਨ ਇੱਕ ਨੌਜਵਾਨ ਦੀ ਬਾਂਹ ਤੋੜਨ ਦਾ ਇਲਜ਼ਾਮ
SHO Vikram Singh suspend : ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਦੇ ਐਸਐਚਓ ਵਿਕਰਮ ਸਿੰਘ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਅੱਜ ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਵਿੱਚ ਹੋਣੀ ਹੈ।ਡੀਐਸਪੀ ਇਸ ਮਾਮਲੇ ਦੀ ਸਟੇਟਸ ਰਿਪੋਰਟ ਲੈ ਕੇ ਚੰਡੀਗੜ੍ਹ ਪੁੱਜੇ ਹਨ। ਇਧਰ ਪੁਲਿਸ ਨੇ ਸਸਪੈਂਡ ਦੀ ਕਾਰਵਾਈ ਕਰ ਦਿੱਤੀ ਹੈ।
ਪੁਲਿਸ ਹਿਰਾਸਤ ਵਿੱਚ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ, ਜਿਸ ਵਿਚ ਇੱਕ ਨੌਜਵਾਨ ਦੀ ਬਾਂਹ ਟੁੱਟ ਗਈ ਸੀ। ਜਿਸ ਮਗਰੋਂ ਪੀੜਤ ਪਰਿਵਾਰ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਗਿਆ ਸੀ, ਜਿਸ ਪਿੱਛੋਂ ਪੁਲਿਸ ਨੇ ਐਸਐਚਓ ਅਤੇ ਇੱਕ ਹੌਲਦਾਰ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਡੀਐਸਪੀ ਇਸ ਮਾਮਲੇ ਦੀ ਸਟੇਟਸ ਰਿਪੋਰਟ ਲੈ ਕੇ ਚੰਡੀਗੜ੍ਹ ਪੁੱਜੇ ਹਨ। ਇਧਰ, ਪੁਲਿਸ ਨੇ ਸਸਪੈਂਡ ਦੀ ਕਾਰਵਾਈ ਕਰ ਦਿੱਤੀ ਹੈ।
ਪਹਿਲਾਂ ਬਠਿੰਡਾ ਪੁਲਿਸ ਹਿਰਾਸਤ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਸੀ ਮੌਤ
ਦੱਸ ਦਈਏ ਕਿ ਇਸ ਤੋਂ ਪਹਿਲਾਂ ਬਠਿੰਡਾ ਵਿਖੇ ਸ਼ੱਕ ਦੇ ਅਧਾਰ 'ਤੇ ਸੀਆਈਏ ਸਟਾਫ 2 ਵੱਲੋਂ ਹਿਰਾਸਤ ਵਿੱਚ ਲਏ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਖੂਬ ਭਖਿਆ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਤੇ ਨੌਜਵਾਨ ਤੇ ਤਸ਼ੱਦਦ ਕਰਕੇ ਮਾਰਨ ਦੇ ਗੰਭੀਰ ਦੋਸ਼ ਲਗਾਏ ਸਨ ਅਤੇ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਸੀ। ਜਦੋਂ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਇੱਕ ਪੁਲਿਸ ਕਰਮਚਾਰੀ ਸਣੇ ਤਿੰਨ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪਹਿਲਾਂ ਨਾਮ ਜਦ ਵਿਅਕਤੀ ਗਗਨਦੀਪ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਸੀ, ਜਿਸ ਵਿੱਚ ਉਸਨੇ ਸੀਆਈਏ ਸਟਾਫ 02 ਦੇ ਕੁਝ ਕਰਮਚਾਰੀਆਂ ਤੇ ਉਸ ਦੇ ਦੋਸਤ ਮ੍ਰਿਤਕ ਨਰਿੰਦਰ ਸਿੰਘ ਵਾਸੀ ਗੋਨਿਆਣਾ ਨੂੰ ਟਾਰਚਰ ਕਰਨ ਦੇ ਗੰਭੀਰ ਇਲਜ਼ਾਮ ਲਾਏ ਸਨ ਅਤੇ ਗੰਭੀਰ ਹਾਲਤ ਵਿੱਚ ਨਰਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਉਣ ਅਤੇ ਉਸ ਤੇ ਦਬਾਅ ਪਾ ਕੇ ਬਿਆਨ ਬਦਲਣ ਦੇ ਦੋਸ਼ ਲਗਾਏ ਗਏ ਸਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਵੀਡੀਓ ਬਣਾਉਣ ਵਾਲੇ ਗਗਨਦੀਪ ਸਿੰਘ ਸਣੇ ਪੁਲਿਸ ਕਰਮਚਾਰੀ ਅਵਤਾਰ ਸਿੰਘ ਅਤੇ ਹੈਪੀ ਲੁਥਰਾ ਨਾਮਕ ਵਿਅਕਤੀ ਖਿਲਾਫ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪਰ ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਪੁਲਿਸ ਤੇ ਗੰਭੀਰ ਦੋਸ਼ ਲਗਾਉਂਦਿਆਂ ਉਹਨਾਂ ਦੇ ਪੁੱਤਰ ਨੂੰ ਟੋਰਚਰ ਕਰਕੇ ਮਾਰਨ ਦੇ ਦੋਸ਼ ਲਗਾਏ ਗਏ।
- PTC NEWS