Amritsar ਦੀ IDH ਮਾਰਕੀਟ ਬੰਦ ਕਰਕੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ , ਇੱਕ ਵਿਅਕਤੀ 'ਤੇ ਮਹੀਨਾ ਮੰਗਣ ਦੇ ਲਗਾਏ ਆਰੋਪ
Amritsar News : ਅੰਮ੍ਰਿਤਸਰ ਦੀ ਆਈ.ਡੀ.ਐਚ ਮਾਰਕੀਟ ਵਿੱਚ ਉਸ ਵੇਲੇ ਤਣਾਅਪੂਰਨ ਹਾਲਾਤ ਬਣ ਗਏ, ਜਦੋਂ ਮਾਰਕੀਟ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਮਾਰਕੀਟ ਬੰਦ ਕਰ ਦਿੱਤੀ ਅਤੇ ਰਸਤਾ ਜਾਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਦਾ ਆਰੋਪ ਹੈ ਕਿ ਇੱਕ ਵਿਅਕਤੀ ਲਗਾਤਾਰ ਦੋ ਸਾਲਾਂ ਤੋਂ ਮਾਰਕੀਟ ਵਿੱਚ ਆ ਕੇ ਗਾਲੀ-ਗਲੋਚ, ਧਮਕੀਆਂ ਅਤੇ ਮਹੀਨਾ ਮੰਗਣ ਵਰਗੀ ਗੁੰਡਾਗਰਦੀ ਕਰ ਰਿਹਾ ਹੈ।
ਐਤਵਾਰ ਰਾਤ ਨੂੰ ਉਸ ਵਿਅਕਤੀ ਵੱਲੋਂ ਹੱਦ ਪਾਰ ਕਰਦਿਆਂ ਇੱਕ ਦੁਕਾਨਦਾਰ ਦੀ ਕਾਰ ਦੀ ਤੋੜਫੋੜ ਵੀ ਕੀਤੀ ਗਈ, ਜਿਸ ਤੋਂ ਬਾਅਦ ਵਪਾਰੀਆਂ ਵਿੱਚ ਭਾਰੀ ਰੋਸ ਫੈਲ ਗਿਆ। ਆਈਡੀਐਚ ਮਾਰਕੀਟ ਦੀ ਜਥੇਬੰਦੀ ਦੇ ਪ੍ਰਧਾਨ ਨਾਨਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋ ਨੌਜਵਾਨ ਲਗਾਤਾਰ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਬਣਾਈ ਬੈਠੇ ਹਨ। ਉਨ੍ਹਾਂ ਆਰੋਪ ਲਗਾਇਆ ਕਿ ਪਹਿਲਾਂ ਇਹ ਲੋਕ ਰੇਹੜੀ ਵਾਲਿਆਂ ਤੋਂ ਪੈਸੇ ਵਸੂਲਦੇ ਰਹੇ ਅਤੇ ਹੁਣ ਦੁਕਾਨਦਾਰਾਂ ਤੋਂ ਮਹੀਨਾ ਮੰਗਿਆ ਜਾ ਰਿਹਾ ਹੈ। ਇਨਕਾਰ ਕਰਨ ’ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਦੁਕਾਨ ਨਹੀਂ ਚੱਲਣ ਦਿੱਤੀ ਜਾਵੇਗੀ। ਨਾਨਕ ਸਿੰਘ ਨੇ ਕਿਹਾ ਕਿ ਐਤਵਾਰ ਰਾਤ ਨੂੰ ਨਸ਼ੇ ਦੀ ਹਾਲਤ ’ਚ ਆ ਕੇ ਸਾਰੇ ਦੁਕਾਨਦਾਰਾਂ ਨੂੰ ਗਾਲਾਂ ਕੱਢੀਆਂ ਗਈਆਂ ਅਤੇ ਕਾਰ ’ਤੇ ਹਮਲਾ ਕਰਕੇ ਸ਼ੀਸ਼ੇ ਤੋੜ ਦਿੱਤੇ ਗਏ।
ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਪਹਿਲਾਂ ਵੀ ਪੁਲਿਸ ਨੂੰ ਕਈ ਵਾਰ ਦਰਖਾਸਤਾਂ ਦੇ ਚੁੱਕੇ ਹਨ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਟੈਕਸ ਤਾਂ ਸਰਕਾਰ ਨੂੰ ਦਿੱਤੇ ਜਾਂਦੇ ਹਨ ਪਰ ਕਿਸੇ ਗੁੰਡੇ ਨੂੰ ਮਹੀਨਾ ਨਹੀਂ ਦਿੱਤਾ ਜਾ ਸਕਦਾ। ਦੁਕਾਨਦਾਰਾਂ ਨੇ ਸਿੱਧੇ ਤੌਰ ’ਤੇ ਪੁਲਿਸ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਦੋਸ਼ ਲਗਾਏ। ਪ੍ਰਦਰਸ਼ਨ ਦੌਰਾਨ ਰਸਤਾ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਰਸਤੇ ਵਿੱਚ ਫਸੇ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਕਾਫ਼ੀ ਸਮਾਂ ਬਰਬਾਦ ਹੋ ਗਿਆ ਅਤੇ ਕਈ ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਛੱਡਣੇ ਪਏ। ਹਾਲਾਂਕਿ ਦੁਕਾਨਦਾਰਾਂ ਨੇ ਕਿਹਾ ਕਿ ਉਹ ਮਜ਼ਬੂਰੀ ਵਿੱਚ ਸੜਕ ’ਤੇ ਉਤਰੇ ਹਨ ਕਿਉਂਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਪੁਲਿਸ ਸਟੇਸ਼ਨ ਵਿੱਚ ਦਰਜ ਹੈ। ਦੇਰ ਰਾਤ ਇੱਕ ਵਿਅਕਤੀ ਖ਼ਿਲਾਫ਼ ਸ਼ਿਕਾਇਤ ਮਿਲੀ ਸੀ ਅਤੇ ਪੁਲਿਸ ਟੀਮ ਉਸਦੀ ਗ੍ਰਿਫ਼ਤਾਰੀ ਲਈ ਰੇਡ ਕਰ ਰਹੀ ਹੈ।
ਪੁਲਿਸ ਵੱਲੋਂ ਮਾਰਕੀਟ ਦੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੁਕਾਨਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਇਨਸਾਫ ਨਾ ਮਿਲਿਆ ਤਾਂ ਉਹ ਮਾਰਕੀਟਾਂ ਦੀ ਐਸੋਸੀਏਸ਼ਨ ਰਾਹੀਂ ਪੰਜਾਬ ਪੱਧਰ ’ਤੇ ਵੱਡਾ ਅੰਦੋਲਨ ਅਤੇ ਬੰਦ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।
- PTC NEWS