Amritsar News : ਪਾਕਿਸਤਾਨ ਗਏ ਇੱਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ,ਅਟਾਰੀ -ਵਾਹਗਾ ਸਰੱਹਦ ਰਸਤੇ ਵਤਨ ਪੁੱਜੀ ਮ੍ਰਿਤਕ ਦੇਹ
Amritsar News : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਸ਼ਰਧਾਲੂਆਂ 'ਚੋਂ ਇੱਕ ਸ਼ਰਧਾਲੂ ਦੀ ਗੁਰਦੁਆਰਾ ਰੋੜੀ ਸਾਹਿਬ ਦੇ ਨਜ਼ਦੀਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅੱਜ ਮੰਗਲਵਾਰ ਨੂੰ ਭਾਰਤੀ ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇਹ ਅਟਾਰੀ ਵਾਹਗਾ ਸਰੱਹਦ ਰਸਤੇ ਵਤਨ ਪੁੱਜੀ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (67) ਪੁੱਤਰ ਰਤਨ ਸਿੰਘ ਵਾਸੀ ਚਾਉਕੇ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੋਂ ਹੁੰਦਾ ਹੋਇਆ ਦੋ ਦਿਨ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਨਾਰੋਵਾਲ ਵਿਖੇ ਵਿਸ਼ਰਾਮ ਕਰਨ ਲਈ ਰੁਕਿਆ ਸੀ ਤੇ ਸੋਮਵਾਰ ਨੂੰ ਭਾਰਤੀ ਸਿੱਖ ਸ਼ਰਧਾਲੂ ਗੁਰਦੁਆਰਾ ਰੋੜੀ ਸਾਹਿਬ ਤੋਂ ਚੱਲ ਕੇ ਮੁਰੀਦਕੇ ਰਸਤੇ ਲਾਹੌਰ ਵੱਲ ਆ ਰਹੇ ਸਨ ਕਿ ਇਸ ਦੌਰਾਨ ਇਕ ਸ਼ਰਧਾਲੂ ਦੀ ਬੱਸਾਂ ਦੇ ਕਾਫਲੇ ਵਿਚ ਦਿਲ ਦਾ ਦੌਰਾ ਪੈਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ ਹੈ।
ਸਿੱਖ ਸ਼ਰਧਾਲੂ ਨੂੰ ਬਚਾਉਣ ਲਈ ਪਾਕਿਸਤਾਨ ਔਕਾਫ਼ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਲੋਂ ਮੌਕੇ 'ਤੇ ਹੀ ਭਾਰਤੀ ਸ਼ਰਧਾਲੂ ਨੂੰ ਨਜ਼ਦੀਕ ਦੇ ਮੁਰੀਦ ਕੇ ਜ਼ਿਲ੍ਹਾ ਗੁਜਰਾਂਵਾਲਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ,ਜਿੱਥੇ ਇਲਾਜ ਦੌਰਾਨ ਪਾਕਿਸਤਾਨੀ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈI ਸ਼ਰਧਾਲੂ ਸੁਖਵਿੰਦਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਥੇ 'ਚ ਸ਼ਾਮਿਲ ਸੀ।
ਪਾਕਿਸਤਾਨ ਤੋਂ ਭਾਰਤੀ ਸਿੱਖ ਸ਼ਰਧਾਲੂ ਦੀ ਤਕ ਦੇਹ ਉਸ ਦਾ ਸਾਥੀ ਹਰਪਾਲ ਸਿੰਘ ਲੈ ਕੇ ਪੰਜਾਬ ਪੁੱਜਾ ਹੈ। ਪਾਕਿਸਤਾਨ ਰੇਂਜਰਾਂ ਤੇ ਪਾਕਿਸਤਾਨ ਇਮੀਗ੍ਰੇਸ਼ਨ ਵਲੋਂ ਭਾਰਤੀ ਸ਼ਰਧਾਲੂ ਦੀ ਮ੍ਰਿਤਕ ਦੇਹ ਦੇ ਕਾਗਜ਼ੀ ਪੱਤਰੀ ਕਾਰਵਾਈ ਮੁਕੰਮਲ ਹੁਣ ਉਪਰੰਤ ਬੀ.ਐਸ.ਐਫ਼. ਤੇ ਭਾਰਤੀ ਇਮੀਗ੍ਰੇਸ਼ਨ ਤੇ ਭਰਤੀ ਕਸਟਮ ਦੇ ਅਧਿਕਾਰੀਆਂ ਵਲੋਂ ਮ੍ਰਿਤਕ ਦੇਹ ਅਟਾਰੀ ਸਰਹੱਦ ’ਤੇ ਪਹੁੰਚੇ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਸੌਂਪੀ ਗਈ।
- PTC NEWS