SGPC on Himachal controvery : ਹਿਮਾਚਲ ਪ੍ਰਦੇਸ਼ ’ਚ ਸਿੱਖ ਸ਼ਰਧਾਲੂਆਂ ਨਾਲ ਧੱਕਾ ਬਰਦਾਸ਼ਤ ਨਹੀਂ : ਐਡਵੋਕੇਟ ਧਾਮੀ
Harjinder Singh Dhami on Himachal controvery : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਿਮਾਚਲ ਪ੍ਰਦੇਸ਼ ਅੰਦਰ ਸਿੱਖ ਵਿਰੋਧੀ ਹਰਕਤਾਂ ਦੀ ਕਰੜੀ ਨਿੰਦਾ ਕਰਦਿਆਂ ਉੱਥੋਂ ਦੀ ਸਰਕਾਰ ਨੂੰ ਫਿਰਕੂ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ।
ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਆਖਿਆ ਕਿ ਸਿੱਖ ਸ਼ਰਧਾਲੂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ ਪਾਵਨ ਗੁਰਧਾਮਾਂ ਦੇ ਦਰਸ਼ਨਾਂ ਲਈ ਅਕਸਰ ਜਾਂਦੇ ਹਨ, ਪਰੰਤੂ ਦੁੱਖ ਦੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਸੂਬੇ ਅੰਦਰ ਸਿੱਖਾਂ ਨੂੰ ਕੁਝ ਲੋਕਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਲੋਕ ਸਿੱਖ ਯਾਤਰੂਆਂ ਦੇ ਵਾਹਨਾਂ ਉੱਤੇ ਲੱਗੇ ਨਿਸ਼ਾਨ ਸਾਹਿਬ (Nishan Sahib) ਤੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ (Jarnail Singh Khalsa Bhindranwale) ਸਮੇਤ ਹੋਰ ਸਿੱਖ ਨਾਇਕਾਂ ਦੀਆਂ ਤਸਵੀਰਾਂ ਅਤੇ ਝੰਡੇ ਜਬਰੀ ਪਾੜ ਰਹੇ ਹਨ। ਇਸ ਨਾਲ ਸਿੱਖ ਸ਼ਰਧਾਲੂਆਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਵਰਤਾਰਾ ਦੇਸ਼ ਹਿੱਤ ਵਿੱਚ ਨਹੀਂ। ਉਨ੍ਹਾਂ ਕਿ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਜੇਕਰ ਦੇਸ਼ ਦਾ ਬਹੁ-ਧਰਮੀ ਤੇ ਬਹੁ-ਕੌਮੀ ਸੱਭਿਆਚਾਰ ਜ਼ਿੰਦਾ ਹੈ ਤਾਂ ਉਹ ਸਿੱਖਾਂ ਦੀਆਂ ਦੇਸ਼ ਲਈ ਸ਼ਹਾਦਤਾਂ ਦੀ ਬਦੌਲਤ ਹੈ।
ਉਨ੍ਹਾਂ ਕਿਹਾ ਕਿ ਹਰ ਇੱਕ ਨੂੰ ਆਪਣੇ ਧਰਮ ਦੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਅਤੇ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਪੂਰ ਹੱਕ ਹੈ। ਹਿਮਾਚਲ ਪ੍ਰਦੇਸ਼ (Himachal Government) ਵਿੱਚ ਸਿੱਖ ਸ਼ਰਧਾਲੂਆਂ ਨਾਲ ਵਾਪਰ ਰਹੀਆਂ ਘਟਨਾਵਾਂ ਤੋਂ ਸਪਸ਼ਟ ਹੈ ਕਿ ਉੱਥੋਂ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਗੰਭੀਰ ਮਾਮਲੇ ਉੱਤੇ ਚੁੱਪ ਰਹਿਣਾ ਵੀ ਸੂਬੇ ਦੇ ਲੋਕਾਂ ਵਿਰੋਧੀ ਭੁਗਤਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਦੀ ਜਿੰਮੇਵਾਰੀ ਹੈ ਕਿ ਉਹ ਆਪਣੇ ਲੋਕਾਂ ਦੀ ਤਰਜਮਾਨੀ ਕਰੇ ਅਤੇ ਉਨ੍ਹਾਂ ਨਾਲ ਹੋ ਰਹੇ ਧੱਕੇ ਦਾ ਮਾਮਲਾ ਹਿਮਾਚਲ ਪ੍ਰਦੇਸ਼ ਸਰਕਾਰ ਕੋਲ ਉਠਾਏ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਸ਼ਟ ਤੌਰ ’ਤੇ ਆਖਦੀ ਹੈ ਕਿ ਉਹ ਇਸ ਗੰਭੀਰ ਮੁੱਦੇ ’ਤੇ ਸੰਜੀਦਾ ਪਹੁੰਚ ਅਪਣਾਏ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ।
- PTC NEWS