Mansa News : ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮਾਨਸਾ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਬਾਹਰ ਲਗਾਇਆ ਧਰਨਾ
Mansa News : ਮੰਡੀਆਂ 'ਚ ਪਏ ਝੋਨੇ ਦੀ ਖਰੀਦ ਨਾ ਹੋਣ ਤੋਂ ਪਰੇਸ਼ਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਜ਼ਿਲਾ ਪ੍ਰਧਾਨ ਤੇ ਸੂਬਾ ਦੇ ਆਗੂ ਸ਼ਾਮਿਲ ਹੋਏ। ਕਿਸਾਨ ਨੇਤਾਵਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਮੰਡੀਆਂ ਦੇ ਵਿੱਚੋਂ ਝੋਨਾ ਨਾ ਚੁੱਕਿਆ ਗਿਆ ਤਾਂ ਕਚਹਿਰੀ ਦੇ ਤਿੰਨੋਂ ਗੇਟਾਂ ਨੂੰ ਬੰਦ ਕੀਤਾ ਜਾਵੇਗਾ।
ਕਿਸਾਨ ਨੇਤਾ ਰੁਲਦੂ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੀਆਂ 6 ਮੰਡੀਆਂ ਦੇ ਵਿੱਚ ਅਜੇ ਵੀ ਝੋਨੇ ਦੀ ਫਸਲ ਪਈ ਹੈ ਅਤੇ ਕਿਸਾਨ ਆਪਣੀ ਫਸਲ ਵੇਚਣ ਦੇ ਲਈ ਪਰੇਸ਼ਾਨ ਹੋ ਰਹੇ ਹਨ। ਉਹਨਾਂ ਕਿਹਾ ਕਿ ਰਾਜਨੀਤਿਕ ਆਗੂਆਂ ਅਤੇ ਅਫਸਰਾਂ ਸੈਲਰ ਮਾਲਕਾਂ ਅਤੇ ਆੜਤੀਆਂ ਦੀ ਮਿਲੀ ਭੁਗਤ ਨਾਲ ਬਾਹਰੋਂ ਝੋਨਾ ਲਿਆ ਕੇ ਸੈਲਰਾਂ ਦੇ ਵਿੱਚ ਰੱਖ ਲਿਆ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੋਮਵਾਰ ਤੱਕ ਮੰਡੀਆਂ ਦੇ ਵਿੱਚੋਂ ਝੋਨੇ ਦੀ ਫਸਲ ਖਰੀਦ ਕੇ ਮੰਡੀਆਂ ਖਾਲੀ ਨਾ ਕੀਤੀਆਂ ਗਈਆਂ ਤਾਂ ਸੋਮਵਾਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲਾ ਕਚਹਿਰੀ ਦੇ ਗੇਟਾਂ ਨੂੰ ਬੰਦ ਕਰਕੇ ਅਣਮਿਥੇ ਸਮੇਂ ਦੇ ਲਈ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਸੀ ਕਿ ਕਿਸਾਨਾਂ ਦਾ ਦਾਣਾ ਦਾਣਾ ਮੰਡੀਆਂ ਦੇ ਵਿੱਚੋਂ ਚੁੱਕਿਆ ਜਾਵੇਗਾ ਪਰ ਅੱਜ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫਸਲ ਵੇਚਣ ਦੇ ਲਈ ਰੁਲ ਰਿਹਾ ਹੈ ਅਤੇ ਸਰਕਾਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ।
- PTC NEWS