Sun, Jun 15, 2025
Whatsapp

ਸਿੱਖੀ ਦੇ ਸੋਮੇ: ਭਾਈ ਤਾਰੂ ਸਿੰਘ ਜੀ

Reported by:  PTC News Desk  Edited by:  Jasmeet Singh -- October 10th 2023 05:00 AM -- Updated: October 10th 2023 11:42 AM
ਸਿੱਖੀ ਦੇ ਸੋਮੇ: ਭਾਈ ਤਾਰੂ ਸਿੰਘ ਜੀ

ਸਿੱਖੀ ਦੇ ਸੋਮੇ: ਭਾਈ ਤਾਰੂ ਸਿੰਘ ਜੀ

- ਡਾ. ਰਜਿੰਦਰ ਕੌਰ

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ਦੇ ਵਸਨੀਕ ਭਾਈ ਤਾਰੂ ਸਿੰਘ ਜੀ ਦਾ ਜਨਮ ਸੰਨ 1720 ਈ: ਨੂੰ ਹੋਇਆ। ਅੰਮ੍ਰਿਤਪਾਨ, ਭਾਈ ਮਨੀ ਸਿੰਘ ਜੀ ਦੇ ਹੱਥੋਂ ਕਰਕੇ ਤਿਆਰ ਬਰ ਤਿਆਰ ਸਿੰਘ ਸਜੇ। ਇਸੇ ਸਮੇਂ ਪੰਜਾਬ ਦੇ ਵਿੱਚ ਜ਼ਕਰੀਆ ਖਾਨ ਦਾ ਬੋਲ ਬਾਲਾ ਸੀ। ਮੁਸਲਮਾਨ ਹਾਕਮਾ ਦੇ ਜ਼ੁਲਮ ਤੋਂ ਤੰਗ ਆ ਕੇ ਅਨੇਕਾ ਸਿੰਘਾਂ ਨੇ ਘਰ ਬਾਹਰ ਛਡ ਕੇ ਜੰਗਲਾਂ ਵਿੱਚ ਡੇਰੇ ਲਾ ਲਏ। ਸੂਰਬੀਰ ਸਿੱਖ ਯੋਧੇ, ਸਰੀਰਾਂ ‘ਤੇ ਗਰਮੀ ਸਰਦੀ ਅਤੇ ਭੁੱਖਾਂ ਦੇ ਕਸ਼ਟ ਝਲਦੇ ਹੋਏ ਵੀ ਲੋਕਾਂ ਨੂੰ ਇਸ ਜ਼ਾਲਮ ਹਕੂਮਤ ਤੋਂ ਛੁਟਕਾਰਾ ਦਿਵਾਉਣ ਲਈ ਸਿਰ ਧੜ ਦੀ ਬਾਜੀ ਲਗਾ ਰਹੇ ਸਨ। ਕੁਝ ਕੂ ਸਿੱਖ ਪਰਿਵਾਰ ਪਿੰਡਾਂ ਵਿੱਚ ਰਹਿੰਦੇ ਖੇਤੀਬਾੜੀ ਕਰਦੇ ਹੋਏ ਆਪਣੇ ਗੁਆਂਢੀ ਸਾਊ ਮੁਸਲਮਾਨਾਂ ਦੇ ਸਹਿਯੋਗ ਨਾਲ ਜੀਵਨ ਬਤੀਤ ਕਰ ਰਹੇ ਸਨ। ਐਸੇ ਹੀ ਸਿੰਘਾਂ ਵਿੱਚੋਂ ਸਨ ‘ਭਾਈ ਤਾਰੂ ਸਿੰਘ ਜੀ’ ਇਹ ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਛੋਟੀ ਉਮਰ ਵਿੱਚ ਹੀ ਇਨ੍ਹਾਂ ਦੇ ਪਿਤਾ ਜੀ ਚਲਾਣਾ ਕਰ ਗਏ ਸਨ। ਇਨ੍ਹਾਂ ਦੀ ਮਾਤਾ ਜੀ ਨੇ ਇਨ੍ਹਾਂ ਨੂੰ ਬਚਪਨ ਤੋਂ ਹੀ ਗੁਰਬਾਣੀ ਤੇ ਗੁਰ ਇਤਿਹਾਸ ਦੀ ਅਜਿਹੀ ਗੁੜ੍ਹਤੀ ਦਿੱਤੀ ਕਿ ਭਾਈ ਤਾਰੂ ਸਿੰਘ ਜੀ ਦੇ ਲੂੰ ਲੂੰ ਵਿੱਚ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਤੇ ਗੁਰਸਿੱਖਾਂ ਪ੍ਰਤੀ ਨਿੱਘਾ ਪਿਆਰ ਹਿਰਦੇ ਅੰਦਰ ਪ੍ਰਵੇਸ਼ ਕਰ ਗਿਆ। ਭਾਈ ਤਾਰੂ  ਸਿੰਘ ਜੀ ਜਵਾਨ ਹੋਏ ਤੇ ਖੇਤੀਬਾੜੀ ਦਾ ਸਾਰਾ ਕੰਮ ਸੰਭਾਲਣ ਲੱਗ ਪਏ। ਐਸੇ ਪਰਉਪਕਾਰੀ ਜੀਉੜੇ ਸਨ ਕਿ ਉਨ੍ਹਾਂ ਦੇ ਪਿੰਡ ਦੇ ਹੀ ਨਹੀਂ, ਸਗੋਂ ਆਲੇ ਦੁਆਲੇ ਦੇ ਪਿੰਡਾਂ ਦੇ ਹਿੰਦੂ, ਮੁਸਲਮਾਨ ਵੀ ਆਪ ਜੀ ਦੀਆਂ ਸਿਫਤਾਂ ਕਰਦੇ ਨਹੀਂ ਥਕਦੇ ਹਨ।


ਲਾਹੌਰ ਸਥਿੱਤ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ

ਭਾਈ ਜੀ ਨੇ ਆਪਣੀ ਕਿਰਤ ਕਮਾਈ ਵਿੱਚੋਂ ਲੰਗਰ ਜਾਰੀ ਕੀਤਾ ਹੋਇਆ ਸੀ। ਜਿਥੇ ਵੇਲੇ ਕੁਵੇਲੇ ਆਉਂਦੇ ਜਾਂਦੇ ਸਿੱਖ ਸੂਰਵੀਰਾਂ ਤੋਂ ਛੁੱਟ ਹਿੰਦੂ ਮੁਸਲਮਾਨ ਵੀ ਪ੍ਰਸ਼ਾਦਾ ਛੱਕਦੇ ਤੇ ਤ੍ਰਿਪਤ ਹੁੰਦੇ। ਭਾਈ ਜੀ ਬਾਬਾ ਬੁੱਢਾ ਜੀ ਦੀ ਬੀੜ ਦੇ ਲਾਗੇ ਦੇ ਜੰਗਲ ਵਿੱਚ ਵਸਦੇ ਸਿੰਘਾਂ ਨੂੰ ਵੀ ਤਿਆਰ ਲੰਗਰ ਅਤੇ ਕੱਚੀ ਰਸਦ  ਪਹੁੰਚਾਉਂਦੇ ਰਹਿੰਦੇ ਅਤੇ ਕਸ਼ਟ ਝੱਲ ਰਹੇ ਸੂਰਵੀਰਾਂ ਦੀ ਸਹਾਇਤਾ ਕਰਕੇ ਸੰਤੁਸ਼ਟ ਰਹਿੰਦੇ। ਸਮਾਂ ਆਪਣੀ ਰਫਤਾਰ ਚਲਦਾ ਗਿਆ, ਭਾਈ ਸਾਹਿਬ ਜੀ ਦੇ ਜੀਵਨ ਵਿੱਚ ਇਕ ਨਵਾਂ ਮੋੜ ਆਇਆ, ਸਮੇਂ ਦੀ ਜ਼ਾਲਮ ਹਕੂਮਤ ਦੇ ਇਕ ਮੁਖਬਰ ਅਤੇ ਸਿੰਘਾਂ ਦੇ ਵੈਰੀ ਹਰਿਭਗਤ ਨਿਰੰਜਨੀਏ ਨੇ ਲਾਹੌਰ ਦੇ ਗਵਰਨਰ ਕੋਲ ਭਾਈ ਸਾਹਿਬ ਦੇ ਵਿਰੁੱਧ ਚੁਗਲੀ ਕਰ ਦਿੱਤੀ। ਉਸ ਨੇ ਆਖਿਆ ਖਾਨ ਸਾਹਿਬ ਪੂਹਲੇ ਪਿੰਡ ਵਿੱਚ ਵਸਦਾ ਤਾਰੂ ਸਿੰਘ ਨਾਮ ਦਾ ਇਕ ਸਿੱਖ ਆਪਣੇ ਘਰ ਵਿੱਚ ਹਕੂਮਤ ਦੇ ਬਾਗੀ ਸਿੰਘਾਂ ਨੂੰ ਪਨਾਹ ਦਿੰਦਾ ਹੈ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਹੈ। ਗਵਰਨਰ ਜ਼ਕਰੀਆ ਖਾਨ ਨੇ ਹਰਿਭਗਤ ਨਿਰੰਜਨੀਏ ਦੀ ਸ਼ਿਕਾਇਤ ਤੇ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ, ਆਖਿਰ ਇਕ ਦਿਨ ਭਾਈ ਸਾਹਿਬ ਨੂੰ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਭਾਈ ਸਾਹਿਬ ਨੇ ਆਪਣੀ ਗ੍ਰਿਫਤਾਰੀ ਦਾ ਕਾਰਨ ਪੁੱਛਿਆ ਤੇ ਕਿਹਾ ‘ਹੇ ਨਵਾਬ ਮੈਂ ਤੇਰਾ ਕੀ ਵਿਗਾੜਿਆ ਹੈ, ਜਿਸ ਕਾਰਨ ਤੂੰ ਮੈਨੂੰ ਐਸੇ ਤਸੀਹੇ ਦੇ ਰਿਹਾ ਹੈਂ। ਮੈਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦਾ ਹਾਂ ਤੇ ਖੇਤੀ ਬਾੜੀ ਕਰਦਾ ਹਾਂ ਤੇ ਸਰਕਾਰੀ ਮਾਲੀਆ ਟੈਕਸ ਵੀ ਦਿੰਦਾ ਹਾਂ, ਅੰਨ ਦਾਣਾ ਉਗਾ ਕੇ ਆਪਣਾ ਪੇਟ ਭਰਦਾ ਹਾਂ ਅਤੇ  ਲੋੜਵੰਦਾਂ ਦਾ ਪੇਟ ਵੀ ਭਰਦਾ ਹਾਂ। ਮੈਨੂੰ ਦੱਸ ਕਿ ਕੀ  ਮੇਰੀ ਇਸ ਲੋੜਵੰਦਾਂ ਦੀ ਮਦੱਦ ਕਰਨ ਤੋਂ ਹਕੂਮਤ ਏਨੀ ਦੁਖੀ ਕਿਉਂ ਹੁੰਦੀ ਹੈ?

ਖਾਨ ਬਹਾਦਰ ਜਕਰੀਆ ਖਾਨ ਨੂੰ ਕੋਈ ਹੋਰ ਜਵਾਬ ਨਾ ਆਇਆ, ਪਰ ਕਹਿਣ ਲੱਗਾ ‘ਤਾਰੂ ਸਿੰਘ, ਤੇਰੀ ਜਾਨ ਬਖਸ਼ੀ ਜਾ ਸਕਦੀ ਹੈ, ਜੇ ਤੂੰ ਮੁਸਲਮਾਨ ਬਣ ਜਾਵੇ ਅਤੇ ਸਿੱਖੀ ਨੂੰ ਤਿਆਗ ਦੇਵੇਂ।



ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਕੀ ਮੁਸਲਮਾਨ ਬਣਨ ਦੇ ਨਾਲ ਮੌਤ ਨਹੀਂ ਆਵੇਗੀ ? ਜੇ ਮੌਤ ਨੇ ਫੇਰ ਵੀ ਆ ਹੀ ਜਾਣਾ ਹੈ ਤਾਂ ਮੈਂ ਆਪਣੇ ਗੁਰੂ ਤੋਂ ਬੇਮੁੱਖ ਕਿਉਂ ਹੋਵਾਂ, ਮੈਨੂੰ ਤਾਂ ਸਿੱਖੀ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਹੈ। ਜ਼ਕਰੀਆ ਖਾਨ ਬੋਲਿਆ, ਵੇਖਦਾ ਹਾਂ, ਤੂੰ ਸਿੱਖੀ ਨੂੰ ਕਿਵੇਂ ਕਾਇਮ ਰੱਖਦਾ ਹੈਂ। ਇਹ ਆਖ ਕੇ ਜ਼ਕਰੀਆ ਖਾਨ ਨੇ  ਮੋਚੀ ਨੂੰ ਬੁਲਾਇਆ ਤੇ ਉਸਨੂੰ ਹੁਕਮ ਦਿੱਤਾ ਕਿ ਤਾਰੂ ਸਿੰਘ ਦੀ ਖੋਪੜੀ ਸਮੇਤ ਕੇਸਾਂ ਦੇ ਸਿਰ ਤੋਂ ਅਲੱਗ ਕਰ ਦਿੱਤੀ ਜਾਵੇ, ਭਾਈ ਤਾਰੂ ਸਿੰਘ ਜੀ ਨੇ ਇਸ ਹੁਕਮ ਨੂੰ ਖਿੱੜੇ ਮੱਥੇ ਪ੍ਰਵਾਨ ਕੀਤਾ ਅਤੇ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਲਿਆਂਦਾ ਗਿਆ, ਭਾਈ ਸਾਹਿਬ ਜੀ ਦੇ ਮੁੱਖ ਤੋਂ ਨਿਰੰਤਰ ਜਪੁਜੀ ਸਾਹਿਬ ਜੀ ਦਾ ਪਾਠ ਚੱਲਦਾ ਗਿਆ। ਭਾਈ ਸਾਹਿਬ ਜੀ ਦੀ ਦੀ ਖੋਪੜੀ ਸਿਰ ਤੋਂ ਉਤਰ ਗਈ ਅਤੇ ਆਪ ਦੀ ਦ੍ਰਿੜ੍ਹਤਾ ਨੂੰ ਵੇਖਦੇ ਵੇਖਦੇ ਖੋਪੜੀ ਉਤਾਰਨ ਦਾ ਹੁਕਮ ਦੇਣ ਵਾਲਾ ਖੁਦ ਭਾਈ ਸਾਹਿਬ ਤੋਂ ਪਹਿਲਾਂ ਮੌਤ ਦੇ ਮੂੰਹ ਵਿੱਚ ਜਾ ਪਿਆ। ਫਿਰ ਜ਼ਕਰੀਆ ਖਾਨ ਦੀ ਮੌਤ ਤੋਂ 22 ਦਿਨ ਬਾਅਦ ਭਾਈ ਤਾਰੂ ਸਿੰਘ ਜੀ ਵੀ ਸ਼ਹਾਦਤ ਦਾ ਜਾਮ ਪੀ ਗਏ। ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਿੱਖਾਂ ਲਈ ਇੱਕ ਚਾਨਣ ਮੁਨਾਰਾ ਹੈ।ਭਾਈ ਸਾਹਿਬ ਜੀ ਦੀ ਸ਼ਹਾਦਤ ਸਿੱਖ ਨੌਜਵਾਨ ਪਨੀਰੀ ਨੂੰ ਹਮੇਸ਼ਾਂ ‘ਕੇਸ ਗੁਰੂ ਦੀ ਮੋਹਰ’ ਦੀ ਯਾਦ ਦਿਵਾਉਂਦੀ ਰਹੇਗੀ।

- PTC NEWS

Top News view more...

Latest News view more...

PTC NETWORK