Thu, May 9, 2024
Whatsapp

ਡਰੈਗਨ ਬੋਟ ਖੇਡ ਨੂੰ ਪੰਜਾਬ 'ਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਾਂਗੇ: ਮੀਤ ਹੇਅਰ

Written by  Pardeep Singh -- December 09th 2022 01:11 PM
ਡਰੈਗਨ ਬੋਟ ਖੇਡ ਨੂੰ ਪੰਜਾਬ 'ਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਾਂਗੇ: ਮੀਤ ਹੇਅਰ

ਡਰੈਗਨ ਬੋਟ ਖੇਡ ਨੂੰ ਪੰਜਾਬ 'ਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਾਂਗੇ: ਮੀਤ ਹੇਅਰ

ਚੰਡੀਗੜ੍ਹ: ਪੰਜਾਬ ਵਿੱਚ ਪਾਣੀਆਂ ਦੀਆਂ ਖੇਡਾਂ ਲਈ ਬਹੁਤ ਸਮਰੱਥਾ ਹੈ। ਰੋਇੰਗ, ਕਾਏਕਿੰਗ ਤੇ ਕਨੋਇੰਗ ਖੇਡ ਵਾਂਗ ਡਰੈਗਨ ਬੋਟ ਖੇਡ ਨੂੰ ਵੀ ਸੂਬੇ ਵਿੱਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਕਰਵਾਈ ਜਾ ਰਹੀ 10ਵੀਂ ਸੀਨੀਅਰ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ (ਪੁਰਸ਼ਾਂ ਤੇ ਮਹਿਲਾਵਾਂ) ਦੇ ਉਦਘਾਟਨ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ।

ਮੀਤ ਹੇਅਰ ਨੇ ਕਿਹਾ ਕਿ ਰੋਇੰਗ ਖੇਡ ਵਿੱਚ ਪੰਜਾਬ ਦੇ ਖਿਡਾਰੀ ਏਸ਼ਿਆਈ ਖੇਡਾਂ ਦੇ ਚੈਂਪੀਅਨ ਬਣੇ ਹਨ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਪੰਜਾਬ ਵਿੱਚ ਮਾਨਸਾ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਰੋਇੰਗ ਖੇਡ ਦੇ ਕਈ ਖਿਡਾਰੀ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੱਕ ਨਾਮਣਾ ਖੱਟਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਵਿੱਚ ਪੰਜਾਬ ਨੂੰ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਲਏ ਗਏ ਸੁਫਨੇ ਨੂੰ ਪੂਰਾ ਕਰਨ ਲਈ ਖੇਡ ਵਿਭਾਗ ਹਰ ਖੇਡ ਵੱਲ ਧਿਆਨ ਦੇ ਰਿਹਾ ਹੈ। ਪਿਛਲੇ ਦਿਨੀਂ ਰੂਪਨਗਰ ਵਿਖੇ ਰੋਇੰਗ ਖੇਡ ਲਈ ਕਿਸ਼ਤੀਆਂ ਖਰੀਦਣ ਲਈ 50 ਲੱਖ ਰੁਪਏ ਮਨਜ਼ੂਰ ਕੀਤੇ ਗਏ।


ਖੇਡ ਮੰਤਰੀ ਨੇ ਕਿਹਾ ਕਿ ਡਰੈਗਨ ਬੋਟ ਖੇਡ ਹਾਲੇ ਨਵੀਂ ਹੈ ਪਰ ਰੋਇੰਗ ਨਾਲ ਮਿਲਦੀ-ਜੁਲਦੀ ਹੋਣ ਕਰਕੇ ਇਸ ਖੇਡ ਦੇ ਅੱਗੇ ਵਧਣ ਦੀ ਬਹੁਤ ਸੰਭਾਵਨਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਂਦੇ ਸਮੇਂ ਵਿੱਚ ਡਰੈਗਨ ਬੋਟ ਖੇਡ ਓਲੰਪਿਕ ਖੇਡਾਂ ਦਾ ਹਿੱਸਾ ਬਣੇਗੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਖੇਡ ਦੀ ਪ੍ਰਫੁੱਲਤਾ ਲਈ ਹਰ ਸੰਭਵ ਉਪਰਾਲੇ ਕਰਨ ਦਾ ਵਿਸ਼ਵਾਸ ਦਿਵਾਇਆ।

ਖੇਡ ਮੰਤਰੀ ਨੇ ਇਸ ਮੌਕੇ ਵੱਖ-ਵੱਖ ਸੂਬਿਆਂ ਤੋਂ ਆਏ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦਾ ਪੰਜਾਬ ਦੀ ਰਾਜਧਾਨੀ ਵਿੱਚ ਆਉਣ ਉਤੇ ਸਵਾਗਤ ਕੀਤਾ। ਨੈਸ਼ਨਲ ਚੈਂਪੀਅਨਸ਼ਿਪ 9 ਤੋਂ 11 ਦਸੰਬਰ ਤੱਕ ਚੱਲੇਗੀ ਜਿਸ ਵਿੱਚ 17 ਸੂਬਿਆਂ ਦੇ 500 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ।

ਇਸ ਮੌਕੇ ਡਰੈਗਨ ਬੋਟ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਵਿਨੋਦ ਸ਼ਰਮਾ ਤੇ ਜਨਰਲ ਸਕੱਤਰ ਵਿਨੋਦ, ਰਾਜ ਕਮਲ ਢਾਂਡਾ, ਹਰਿਆਣਾ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਮਹੇਂਦਰ ਕੰਬੋਜ, ਪੰਜਾਬ ਡਰੈਗਨ ਬੋਟ ਐਸੋਸੀਏਸ਼ਨ ਦੇ ਸਕੱਤਰ ਕ੍ਰਿਸ਼ਨਾ ਅਤੇ ਪੰਜਾਬ ਰੋਇੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਬੀਰ ਸਿੰਘ ਵੀ ਹਾਜ਼ਰ ਸਨ।

- PTC NEWS

Top News view more...

Latest News view more...