Thu, May 9, 2024
Whatsapp

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

Written by  Jasmeet Singh -- November 11th 2023 11:00 PM -- Updated: November 11th 2023 09:09 PM
ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਤਿਉਹਾਰ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ। ਤਿਉਹਾਰ ਜਿਥੇ ਕੌਮ ਨੂੰ ਉਸਦੇ ਵਿਰਸੇ ਨਾਲ ਜੋੜਦੇ ਹਨ, ਉਥੇ ਨਾਲ ਹੀ ਉਸ ਦੇ ਅੰਦਰ ਨਿੱਤ ਨਵੀਂ ਰੂਹ ਫੂਕਦੇ ਤੇ ਕੌਮ ਨੂੰ ਜ਼ਿੰਦਾ ਰੱਖਣ ਦਾ ਕਾਰਣ ਵੀ ਹੁੰਦੇ ਹਨ। ਕਿਸੇ ਕੌਮ ਜਾਂ ਸਮਾਜ ਲਈ ਤਿਉਹਾਰ ਜਾਂ ਇਤਿਹਾਸਿਕ ਦਿਹਾੜੇ ਉਸ ਕੌਮ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੁੰਦੇ ਹਨ। ਅਸਲ ਵਿਚ ਇਹ ਕੌਮ ਦੀ ਅਗਾਂਹ ਵਧੂ ਹੋਣ ਦੀ ਅਸਲੀ ਤਸਵੀਰ ਪੇਸ਼ ਕਰਦੇ ਹਨ। ਸਿੱਖ ਗੁਰੂ ਸਾਹਿਬਾਨਾਂ ਨੇ ਵੀ ਆਪਣੇ ਸਮੇਂ ਕੁਝ ਖਾਸ ਦਿਨ ਕੌਮੀ ਇਕੱਠ ਲਈ ਨਿਯਤ ਕੀਤੇ ਸਨ ਤਾਂ ਜੋ ਕੌਮ ਦੇ ਵਿਚ ਉਤਸ਼ਾਹ ਜਾਂ ਸ਼ਕਤੀ ਭਰੀ ਜਾ ਸਕੇ। ਜਿਵੇਂ ਜਿਵੇਂ ਸਾਡੀ ਕੌਮ ਦੇ ਮਰਜੀਵੜੇ ਯੋਧੇ ਇਤਿਹਾਸ ਸਿਰਜਦੇ ਗਏ ਤਾਂ ਕੌਮ ਦੇ ਇਤਿਹਾਸਿਕ ਦਿਹਾੜਿਆਂ ਵਿਚ ਵੀ ਵਾਧਾ ਹੁੰਦਾ ਗਿਆ।


ਹਰੇਕ ਦੇਸ਼ ਅਥਵਾ ਸਭਿਆਚਾਰ ਵਿਚ ਕਿਸੇ ਨਾ ਕਿਸੇ ਰੂਪ ਵਿਚ ਉਤਸਵ ਅਰਥਾਤ ਤਿਉਹਾਰ ਮਨਾਉਣ ਦੀ ਪਰੰਪਰਾ ਹੈ। ਇਨ੍ਹਾਂ ਤਿਉਹਾਰਾਂ ਦਾ ਸਿੱਖਿਆ ਅਤੇ ਸਮਾਜਿਕ ਪਹਿਲੂ ਤੋਂ ਇਲਾਵਾ ਧਾਰਮਿਕ ਪਹਿਲੂ ਵੀ ਹੈ। ਕਈ ਤਿਉਹਾਰ ਮੋਸਮੀ ਹਨ, ਕਈ ਕਿਸੇ ਵਿਅਕਤੀ ਦੇ ਜਨਮ ਦਿਨ, ਕਿਸੇ ਜਿੱਤ ਦੀ ਖੁਸ਼ੀ ਜਾਂ ਵਿਸ਼ੇਸ਼ ਘਟਨਾ ਦਾ ਪ੍ਰਤੀਕ ਹਨ।

ਇਨ੍ਹਾਂ ਤਿਉਹਾਰਾਂ ਨਾਲ ਕਈ ਕਿਸਮ ਦੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਤਿਉਹਾਰਾਂ ਵਿਚੋਂ ਇਕ ਹੈ ਦੀਵਾਲੀ ਦਾ ਤਿਉਹਾਰ। ‘ਦੀਵਾਲੀ’ ਜਾਂ ‘ਦੀਪਾਵਲੀ’ - ਅਰਥ ਹੈ ਦੀਵਿਆਂ ਦਾ ਤਿਉਹਾਰ। ਦੀਪ ਸੰਸਕ੍ਰਿਤ, ਦੀਪਕ ਹਿੰਦੀ, ਦੀਵਾ ਅਤੇ ਦੀਵਾਲੀ ਪੰਜਾਬੀ ਦੇ ਸਬਦ ਹਨ। ਇਹ ਤਿਉਹਾਰ ਭਾਵੇਂ ਮੋਸਮੀ ਹੈ ਪਰ ਧਾਰਮਿਕ ਘਟਨਾ ਨਾਲ ਜੁੜੇ ਹੋਣ ਸਦਕਾ ਇਹ ਬਹੁਤ ਵੱਡੇ ਪੱਧਰ ’ਤੇ ਧਾਰਮਿਕ ਉਤਸਵ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਗੁਰੂ ਘਰਾਂ ਤੋਂ ਸੁਣੇ ਜਾਣ ਵਾਲੇ ਭਾਈ ਗੁਰਦਾਸ ਜੀ ਦੇ ਇਹ ਪਾਵਨ ਬੋਲ:

‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ’

ਅਰਥ ਬਹੁਤ ਡੂੰਘੇ ਹਨ, ਪਰ ਇਹ ਬੋਲ ਸੁਣਦੇ ਸਾਰ ਹੀ ਸਾਡੀ ਸੁਰਤਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਜਾਂਦੀ ਹੈ।

ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਹ ਕਹਾਵਤ ਪੰਜਾਬੀਆਂ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਦੀਵਾਲੀ ਸੰਬੰਧੀ ਬੜੀ ਪ੍ਰਸਿੱਧ ਹੈ, ਕਿਉਂਕਿ ਸਦੀਆਂ ਤੋਂ ਸਿੱਖ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਬੜੇ ਚਾਅ ਅਤੇ ਖੁਸ਼ੀ ਨਾਲ ਮਨਾਉਂਦੇ ਆ ਰਹੇ ਹਨ।

ਇਤਿਹਾਸਿਕ ਸ੍ਰੋਤਾਂ ਦੇ ਮੁਤਾਬਕ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਨ੍ਹਾਂ ਨੂੰ ਕਿ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਗਿਆ ਸੀ, ਜਿਥੇ ਕਿ ਪਹਿਲਾਂ ਹੀ ਵੱਖ ਵੱਖ ਇਲਾਕਿਆਂ ਦੇ ਰਾਜੇ ਕੈਦ ਕੀਤੇ ਹੋਏ ਸਨ। ਇਹ ਉਹ ਕਿਲ੍ਹਾ ਸੀ ਜਿਥੋਂ ਕੋਈ ਜਿਉਂਦਾ ਬਾਹਰ ਨਹੀਂ ਸੀ ਆ ਸਕਦਾ। ਜਦੋਂ ਕਿਲ੍ਹੇ ਦੇ ਅੰਦਰ ਰਾਜਿਆਂ ਨੂੰ ਗੁਰੂ ਸਾਹਿਬ ਜੀ ਦੀ ਰਿਹਾਈ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਗੁਰੁੂ ਸਾਹਿਬ ਦੇ ਅੱਗੇ ਆਪਣੀ ਰਿਹਾਈ ਲਈ ਵੀ ਫਰਿਆਦ ਕੀਤੀ। ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਆਪਣੇ ਨਾਲ ਹੀ ਰਿਹਾਅ ਕਰਵਾ ਲਿਆ। ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ। ਗੁਰੂ ਸਾਹਿਬ ਜੀ ਦੇ ਰਿਹਾਅ ਹੋਣ ਦੀ ਖੁਸ਼ੀ ਵਿਚ ਬਾਬਾ ਬੁੱਢਾ ਜੀ ਦੇ ਕਹਿਣ ‘ਤੇ ਸਾਰੀਆਂ ਸੰਗਤਾਂ ਨੇ ਦੀਪਮਾਲਾ ਕੀਤੀ ਭਾਵ ਦੀਵਾਲੀ ਮਨਾਈ। ਅੱਜ ਇਤਿਹਾਸ ਵਿਚ ਇਸ ਦਿਨ ਨੂੰ ‘ਬੰਦੀ ਛੋੜ ਦਿਵਸ’ ਨਾਲ ਯਾਦ ਕੀਤਾ ਜਾਦਾਂ ਹੈ।

ਮੋਜੂਦਾ ਸਮੇਂ ਇਹ ਤਿਉਹਾਰ ਸਿੱਖਾਂ ਲਈ ਇਕ ਵਿਸ਼ੇਸ਼ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਇਤਿਹਾਸਿਕ ਤਿਉਹਾਰ ਬਣ ਗਿਆ। ਲੰਮੇ ਸਮੇਂ ਤੋਂ ਇਸ ਦਿਨ ਨੂੰ ਸਮੂਹਿਕ ਰੂਪ ਵਿਚ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਹੁਤ ਧੁਮ-ਧਾਮ ਨਾਲ ਮਨਾਇਆ ਜਾਣ ਲੱਗ ਪਿਆ ਅਤੇ ਸਿੱਖ ਖੁਸ਼ੀ ਖੁਸ਼ੀ ਦੀਵਾਲੀ ਵਾਲੀ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਦੀਪਮਾਲਾ ਕਰਦੇ ਹਨ। ਸਾਰਾ ਹਰਿਮੰਦਰ ਸਾਹਿਬ ਹੀ ਦੀਵਿਆਂ ਦੀ ਰੋਸ਼ਨੀ ਵਿਚ ਜਗਮਗਾ ਉਠਦਾ ਹੈ।

ਅਜੋਕੇ ਸਮੇਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਅੰਮ੍ਰਿਤਸਰ ਵਿਖੇ ਦਰਸ਼ਨਾਂ ਲਈ ਪਹੁੰਚਦੀਆਂ ਹਨ। ਇਥੇ ਹੀ ਬਸ ਨਹੀਂ, ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਤਿੰਨ ਦਿਨ ਲਗਾਤਾਰ ਦੀਵਾਨ ਚੱਲਦਾ ਹੈ। ਜਿਸ ਵਿਚ ਰਾਗੀ, ਢਾਡੀ, ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ, ਵਾਰਾਂ ਅਤੇ ਕਵਿਤਾਵਾਂ ਸੁਣਾ ਕੇ ਨਿਹਾਲ ਕਰਦੇ ਹਨ। ਦੀਵਾਲੀ ਵਾਲੇ ਦਿਨ ਸ਼ਾਮ ਨੂੰ ਹੀ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਸੱਜ ਜਾਂਦੀਆਂ ਹਨ ਕਿਉਂਕਿ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ਆਤਿਸ਼ਬਾਜੀ ਦਾ ਨਜ਼ਾਰਾ ਵੇਖਣ ਯੋਗ ਹੁੰਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰੂਹਾਨੀਅਤ, ਪਰਮਾਤਮਾ ਦੀ ਬੰਦਗੀ ਤੇ ਗੁਰਬਾਣੀ ਦਾ ਆਨੰਦ ਸੰਗਤਾਂ ਹਰ ਸਮੇਂ ਮਾਣਦੀਆਂ ਹਨ। ਜਿਸ ਸਦਕਾ ਸੰਗਤਾਂ ਦੇ ਹਿਰਦਿਆਂ ਵਿਚ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਹਰ ਸਮੇਂ ਬਣੀ ਰਹਿੰਦੀ ਹੈ। ਸੰਗਤਾਂ ਤਾਂ ਦੀਵਾਲੀ ਵਾਲੇ ਦਿਨ ਵਿਸ਼ੇਸ਼ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਾਰਿਆਂ ਨਾਲ ਆਪਣੇ ਅੰਦਰ ਨੂੰ ਪ੍ਰਕਾਸ਼ਮਾਨ ਕਰਨ ਆਉਂਦੀਆਂ ਹਨ। ਦਰਬਾਰ ਸਾਹਿਬ ਵਿਖੇ ਦੀਵਾਲੀ ਮਨਾਉਣ ਉਪਰੰਤ ਘਰਾਂ ਨੂੰ ਪਰਤਦੀਆਂ ਸੰਗਤਾਂ ਇਸ ਆਨੰਦਮਈ ਯਾਤਰਾ ਬਾਰੇ ਇਹੀ ਕਹਿੰਦੀਆਂ ਸੁਣਾਈ ਦਿੰਦੀਆਂ ਹਨ; 

“ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ”

ਆਉ ਰੋਸ਼ਨੀ ਦੇ ਇਸ ਜਗਮਗਾਉਂਦੇ ਤਿਉਹਾਰ ਵਿਚ ਆਪਣੇ ਜੀਵਨ ਦੇ ਅੰਦਰ ਵੀ ਗੁਰੂ ਦੇ ਗਿਆਨ ਦਾ ਦੀਵਾ ਜਗਾਈਏ। ਜਦੋਂ ਗੁਰੂ ਦਾ ਗਿਆਨ ਜੀਵਨ ਵਿਚ ਪ੍ਰਵੇਸ਼ ਕਰ ਜਾਏ ਤਾਂ ਜੀਵਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।

- PTC NEWS

Top News view more...

Latest News view more...