Sri Guru Tegh Bahadur ji : ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਨਗਰ ਕੀਰਤਨ ਦਾ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਪੁੱਜਣ 'ਤੇ ਭਰਵਾਂ ਸਵਾਗਤ
ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਸਾਮ ਤੋਂ ਚੱਲਿਆ ਨਗਰ ਕੀਰਤਨ ਕਈ ਸੂਬਿਆਂ ਵਿੱਚੋਂ ਹੁੰਦਾ ਹੋਇਆ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਹੁੰਚਿਆ। ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕਰਨ ਲਈ ਇਕੱਠੀਆਂ ਹੋਈਆਂ।
ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਦੀਵਾਨ ਹਾਲ ਵਿੱਚ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਨਗਰ ਕੀਰਤਨ ਦੇ ਅਗਲੇ ਪੜਾਅ ਦੀ ਆਰੰਭਤਾ ਕਰਨ ਲਈ ਪਹੁੰਚੇ।
ਇਸ ਪ੍ਰੋਗਰਾਮ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਬੁੱਧੀਜੀਵੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਵੱਖ-ਵੱਖ ਪੰਥਕ ਸੰਗਠਨ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਆਸਾਮ ਤੋਂ ਚੱਲ ਕੇ ਕਈ ਸੂਬਿਆਂ ਵਿੱਚੋਂ ਹੁੰਦਾ ਹੋਇਆ ਅੱਜ ਪਟਿਆਲਾ ਪਹੁੰਚਿਆ ਹੈ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਗਰ ਕੀਰਤਨ ਨੂੰ ਹਰ ਸੂਬੇ ਦੀ ਸੰਗਤ ਵੱਲੋਂ ਬੇਹੱਦ ਪਿਆਰ ਅਤੇ ਸਤਿਕਾਰ ਮਿਲਿਆ।
ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਨੰਦਪੁਰ ਸਾਹਿਬ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਬਾਣੀ ਦਾ ਸਬਕ ਲੈਣ।
ਜਦੋਂ ਮੀਡੀਆ ਨੇ ਧਾਮੀ ਨੂੰ ਪੁੱਛਿਆ ਕਿ ਸਰਕਾਰ ਦੂਜੇ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਬਣਾ ਰਹੀ ਹੈ, ਤਾਂ ਇਸ ਬਾਰੇ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ। ਅੱਜ ਤੁਸੀਂ ਆਨੰਦਪੁਰ ਸਾਹਿਬ ਜਾ ਕੇ ਵੇਖੋ, ਜਿੱਥੇ ਸੜਕਾਂ ਦਾ ਇੱਕ ਵੀ ਪੈਚਵਰਕ ਨਹੀਂ ਹੋਇਆ। ਸਰਕਾਰ ਦਾ ਕੰਮ ਸਰਕਾਰ ਚਲਾਉਣਾ ਹੈ, ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨਾ ਨਹੀਂ।
ਉਹਨਾਂ ਨੇ ਕਿਹਾ ਕਿ ਜਿਵੇਂ ਪਹਿਲਾਂ ਕਸ਼ਮੀਰ ਵਿੱਚ ਸ਼ਤਾਬਦੀ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਸਥਾ ਨਾਲ ਖਿਲਵਾਡ਼ ਕੀਤਾ ਗਿਆ ਅਤੇ ਫਿਰ ਨਾਟਕ ਪ੍ਰੋਗਰਾਮ ਵਿੱਚ ਸ਼ਹੀਦਾਂ ਦੀ ਗਲਤ ਤਸਵੀਰ ਪੇਸ਼ ਕੀਤੀ ਗਈ — ਇਹ ਸਾਰਾ ਸਰਾਸਰ ਗਲਤ ਹੈ।
ਪਟਿਆਲਾ ਦੇ ਸਕੂਲ ਵਾਲੇ ਮਾਮਲੇ ’ਤੇ ਗੱਲ ਕਰਦਿਆਂ ਧਾਮੀ ਨੇ ਕਿਹਾ ਕਿ ਇਹ ਮਸਲਾ ਸਾਡੇ ਧਿਆਨ ਵਿੱਚ ਆਇਆ ਹੈ, ਪਰ ਮੈਂ ਹਾਲੇ ਤਕ ਉਹ ਵੀਡੀਓ ਪੂਰੀ ਨਹੀਂ ਦੇਖੀ। ਵੀਡੀਓ ਵੇਖਣ ਤੋਂ ਬਾਅਦ ਹੀ ਇਸ ਮਾਮਲੇ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਭਾਰਤ ਲਿਆਂਦਾ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, NIA ਦੀ ਹਿਰਾਸਤ 'ਚ ਪਹਿਲੀ ਤਸਵੀਰ ਆਈ ਸਾਹਮਣੇ
- PTC NEWS