ਸ਼੍ਰੋਮਣੀ ਸ਼ਖ਼ਸੀਅਤ ਭਾਈ ਕਾਨ੍ਹ ਸਿੰਘ ਨਾਭਾ ਦੇ ਜੀਵਨ ਦੀ ਦਾਸਤਾਨ
ਸਿੱਖ ਧਰਮ ਵਿੱਚਲੇ ਜੀਵਨ ਦੇ ਉਦੇਸ਼ ਅਤੇ ਗੁਰਬਾਣੀ ਦੇ ਡੂੰਘੇ ਰਹੱਸ ਦੀ ਵਿਆਖਿਆ ਲਈ ਅਨੇਕ ਵਿਦਵਾਨ ਅਤੇ ਵਿਆਖਿਆਕਾਰ ਹੋਏ ਹਨ ਪਰ ਭਾਈ ਗੁਰਦਾਸ ਜੀ ਤੋਂ ਬਾਅਦ ਸਿੱਖ ਵਿਆਖਿਆਕਾਰਾਂ ਅਤੇ ਵਿਦਵਾਨਾਂ ਦੀ ਜੇਕਰ ਸੂਚੀ ਬਣਾ ਲਈ ਜਾਵੇ ਤਾਂ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ (ਮਹਾਨਕੋਸ਼) ਦੇ ਰਚਨਹਾਰ ਲਈ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਸੱਭ ਤੋਂ ਉੱਪਰ ਆਉਂਦਾ ਹੈ। ਜੋ ਕਿ ਆਪਣੇ ਸਮੇਂ ਦੀਆਂ ਸ਼੍ਰੋਮਣੀ ਸ਼ਖ਼ਸੀਅਤਾਂ ਵਿੱਚੋਂ ਪ੍ਰਮੁੱਖ ਸਨ।
ਪਿੰਡ ਬਨੇਰਾ ਦੀ ਪੈਦਾਇਸ਼ ਸਨ ਇਹ ਵਿਦਵਾਨ:
ਭਾਈ ਕਾਨ੍ਹ ਸਿੰਘ ਇੱਕ ਪ੍ਰਸਿੱਧ ਵਿਦਵਾਨ ਅਤੇ ਵਿਸ਼ਵਕੋਸ਼ ਵਿਗਿਆਨੀ ਸਨ। ਜਿਨ੍ਹਾਂ ਦਾ ਜਨਮ 30 ਅਗਸਤ 1861 ਨੂੰ ਸਬਜ਼ ਬਨੇਰਾ ਪਿੰਡ ਵਿੱਚ ਇੱਕ ਢਿੱਲੋਂ ਜੱਟ ਪਰਿਵਾਰ ਵਿੱਚ ਹੋਇਆ। ਜੋ ਉਸ ਸਮੇਂ ਪਟਿਆਲਾ ਦੇ ਰਿਆਸਤ ਦਾ ਇਲਾਕਾ ਹੁੰਦਾ ਸੀ। ਉਨ੍ਹਾਂ ਦੇ ਪਿਤਾ ਨਰਾਇਣ ਸਿੰਘ ਇੱਕ ਸੰਤ ਸੁਭਾਅ ਵਾਲੇ ਵਿਅਕਤੀ ਸਨ। ਉਨ੍ਹਾਂ ਮਾਤਾ ਦਾ ਨਾਮ ਹਰ ਕੌਰ ਸੀ। ਭਾਈ ਕਾਨ੍ਹ ਸਿੰਘ ਤਿੰਨ ਭਰਾਵਾਂ ਅਤੇ ਇੱਕ ਭੈਣ ਵਿੱਚੋਂ ਜੇਠੇ ਸਨ। ਉਹ ਰਸਮੀ ਸਿੱਖਿਆ ਲਈ ਕਿਸੇ ਸਕੂਲ ਜਾਂ ਕਾਲਜ ਵਿੱਚ ਨਹੀਂ ਗਏ। ਫਿਰ ਵੀ ਉਨ੍ਹਾਂ ਨੇ ਆਪਣੇ ਯਤਨਾਂ ਨਾਲ ਸਿੱਖਣ ਦੀਆਂ ਕਈ ਸ਼ਾਖਾਵਾਂ ਵਿੱਚ ਮੁਹਾਰਤ ਹਾਸਿਲ ਕੀਤੀ।
ਦਸ ਸਾਲ ਦੀ ਉਮਰ ਤੱਕ ਉਹ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੋਹਾਂ ਦਾ ਖੁੱਲ੍ਹ ਕੇ ਪਾਠ ਕਰ ਸਕਦੇ ਸਨ। ਉਨ੍ਹਾਂ ਨੇ ਨਾਭਾ ਅਤੇ ਆਲੇ ਦੁਆਲੇ ਦੇ ਪੰਡਿਤਾਂ ਤੋਂ ਸੰਸਕ੍ਰਿਤ ਪੜ੍ਹੀ ਅਤੇ ਇੱਕ ਮਸ਼ਹੂਰ ਮਹੰਤ ਗੱਜਾ ਸਿੰਘ ਤੋਂ ਸੰਗੀਤ ਦੀ ਸਿੱਖਿਆ ਵੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਿੱਲੀ ਵਿੱਚ ਮੌਲਵੀਆਂ ਤੋਂ ਫ਼ਾਰਸੀ ਸਿੱਖਣ ਦੀ ਮੰਗ ਰੱਖੀ। ਸਾਲ1883 ਵਿੱਚ ਉਹ ਲਾਹੌਰ ਚਲੇ ਗਏ ਜਿੱਥੇ ਉਹ ਦੋ ਸਾਲ ਰਹੇ ਅਤੇ ਉੱਥੇ ਰਹਿਣ ਦੌਰਾਨ ਉਨ੍ਹਾਂ ਨੇ ਫ਼ਾਰਸੀ ਗ੍ਰੰਥਾਂ ਦਾ ਅਧਿਐਨ ਕੀਤਾ ਅਤੇ ਪ੍ਰੋਫ਼ੈਸਰ ਗੁਰਮੁਖ ਸਿੰਘ ਜੋ ਕਿ ਸਿੰਘ ਸਭਾ ਦੀ ਇੱਕ ਪ੍ਰਮੁੱਖ ਸ਼ਖ਼ਸੀਅਤ ਸੀ, ਨੇ ਉਨ੍ਹਾਂ ਦੀ ਸਹਾਇਤਾ ਕੀਤੀ। ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਜਵਾਨੀ ਤੱਕ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਛੇ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰ ਲਈ। ਸਾਲ 1887 ਵਿੱਚ ਇਨ੍ਹਾਂ ਨੂੰ ਨਾਭਾ ਰਿਆਸਤ ਦੇ ਵਾਰਿਸ ਟਿੱਕਾ ਰਿਪੁਦਮਨ ਸਿੰਘ ਦੇ ਉਸਤਾਦ ਨਿਯੁਕਤ ਕੀਤਾ ਗਿਆ। ਮਹਾਰਾਜੇ ਦੇ ਨਿੱਜੀ ਸਕੱਤਰ ਤੋਂ ਲੈ ਕੇ ਹਾਈ ਕੋਰਟ ਦੇ ਜੱਜ ਤੱਕ ਨਾਭਾ ਰਿਆਸਤ ਦੀਆਂ ਵੱਖ-ਵੱਖ ਨਿਯੁਕਤੀਆਂ ਭਾਈ ਸਾਹਿਬ ਦੁਆਰਾ ਕੀਤੀਆਂ ਜਾਂਦੀਆਂ ਸਨ।
ਮੈਕਸ ਆਰਥਰ ਮੈਕਾਲਿਫ਼ ਨਾਲ਼ ਦੋਸਤੀ:
ਸੰਨ 1885 ਵਿੱਚ ਉਨ੍ਹਾਂ ਦੀ ਮੁਲਾਕਾਤ ਮੈਕਸ ਆਰਥਰ ਮੈਕਾਲਿਫ਼ ( ਜਿਨ੍ਹਾਂ ਨੂੰ ਸਿੱਖ ਇਤਿਹਾਸਕਾਰੀ ਅਤੇ ਗੁਰਬਾਣੀ ਦਾ ਅੰਗਰੇਜ਼ੀ ਅਨੁਵਾਦ ਕਰਨ ਕਰ ਕੇ ਜਾਣਿਆ ਜਾਂਦਾ ਹੈ) ਨਾਲ਼ ਹੋਈ ਜਿਸ ਨਾਲ਼ ਉਹ ਜੀਵਨ ਭਰ ਦੀ ਦੋਸਤੀ ਦੇ ਬੰਧਣ ਵਿੱਚ ਬੱਝ ਗਏ। ਮੈਕਾਲਿਫ਼ ਉਸ ਸਮੇਂ ਸਿੱਖ ਧਰਮ ਗ੍ਰੰਥਾਂ ਅਤੇ ਮੁੱਢਲੇ ਸਿੱਖ ਧਰਮ ਦੇ ਇਤਿਹਾਸ 'ਤੇ ਜੋ ਕੰਮ ਕਰ ਰਹੇ ਸਨ। ਉਸ ਵਿੱਚ ਕਾਫ਼ੀ ਹੱਦ ਤੱਕ ਉਹ ਭਾਈ ਕਾਨ੍ਹ ਸਿੰਘ ਜੀ ਦੀ ਸਲਾਹ ਅਤੇ ਮਾਰਗਦਰਸ਼ਨ 'ਤੇ ਨਿਰਭਰ ਕਰਦੇ ਸਨ। ਉਹ ਭਾਈ ਕਾਨ੍ਹ ਸਿੰਘ ਜੀ ਨੂੰ ਆਪਣੇ ਨਾਲ ਉਦੋਂ ਇੰਗਲੈਂਡ ਲੈ ਗਏ ਜਦੋਂ ਉਨ੍ਹਾਂ ਦੀ 6 ਭਾਗਾਂ 'ਚ ਪ੍ਰਕਾਸ਼ਿਤ ਹੋਣ ਵਾਲੀ ਕਿਤਾਬ The Sikh Religion ਕਲੇਰਡਨ ਪ੍ਰੈਸ (CLARENDON PRESS) ਵਿੱਚ ਛੱਪ ਰਹੀ ਸੀ। ਭਾਈ ਕਾਨ੍ਹ ਸਿੰਘ ਲਈ ਉਨ੍ਹਾਂ ਦੀ ਅਜਿਹੀ ਦੋਸਤੀ ਸੀ ਕਿ ਉਨ੍ਹਾਂ ਨੇ ਭਾਈ ਕਾਨ੍ਹ ਸਿੰਘ ਜੀ ਨੂੰ ਆਪਣੀ ਕਿਤਾਬ ਦਾ ਕਾਪੀਰਾਈਟ (Copyright) ਸੌਂਪ ਦਿੱਤਾ।।
ਆਪਣੀਆਂ ਰਚਨਾਵਾਂ ਦੇ ਨਾਲ਼ ਹਨ ਅਮਰ:
ਭਾਈ ਕਾਨ੍ਹ ਸਿੰਘ ਜੀ ਦੀਆਂ ਰਚਨਾਵਾਂ ਵਿੱਚੋਂ ਗੁਰਸ਼ਬਦ ਰਤਨਾਕਰ ਮਹਾਨ ਕੋਸ਼ (1930) ਸਿੱਖ ਸਾਹਿਤ ਦਾ ਇੱਕ ਵਿਸ਼ਵਕੋਸ਼ ਜਿਸਨੂੰ ਐਨਸਾਈਕਲੋਪੀਡੀਆ ਆਫ਼ ਸਿੱਖ ਇਤਿਹਾਸ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਬੇਮਿਸਾਲ ਸਿਆਣਪ ਅਤੇ ਵਿਦਵਤਾ ਦਾ ਇੱਕ ਸਥਾਈ ਸਮਾਰਕ ਬਣਿਆ ਰਹੇਗਾ। ਉਨ੍ਹਾਂ ਦੀ ਪਹਿਲੀ ਰਚਨਾ ਰਾਜ ਧਰਮ (1884) ਜੋ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦੇ ਕਹਿਣ 'ਤੇ ਲਿਖੀ ਗਈ ਸੀ। ਉਸ ਤੋਂ ਬਾਅਦ ਨਾਨਕ ਭਾਵਰਥ ਦੀਪਿਕਾ (1888) ਜੋ ਕਿ ਹਨੂੰਮਾਨ ਨਾਟਕ ਦੇ ਅੰਸ਼ਾਂ ਦੀ ਵਿਆਖਿਆ ਸੀ।
ਸੰਨ 1898 ਵਿੱਚ ਉਨ੍ਹਾਂ ਨੇ 'ਹਮ ਹਿੰਦੂ ਨਹੀਂ' ਪ੍ਰਕਾਸ਼ਿਤ ਕੀਤੀ ਜਿਸ ਵਿੱਚ ਸਿੱਖ ਪਛਾਣ ਦੇ ਸਬੰਧ ਵਿੱਚ ਸਿੰਘ ਸਭਾ ਦੇ ਨਜ਼ਰੀਏ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਗਿਆ। 'ਗੁਰਮਤਿ ਪ੍ਰਭਾਕਰ', 'ਸਿੱਖ ਸ਼ਬਦਾਵਲੀ', ਸੰਕਲਪਾਂ ਅਤੇ ਸੰਸਥਾਵਾਂ ਦੀ ਸ਼ਬਦਾਵਲੀ ਸਾਲ 1898 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ 'ਗੁਰਮਤਿ ਸੁਧਾਕਰ' ਜੋ ਕਿ ਮਹੱਤਵਪੂਰਨ ਸਿੱਖ ਗ੍ਰੰਥਾਂ ਸ਼ਾਸਤਰੀ ਅਤੇ ਇਤਿਹਾਸਕ ਦਾ ਸੰਗ੍ਰਹਿ ਹੈ ਨੂੰ 1899 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦਾ 'ਗੁਰੂ ਛੰਦ ਦਿਵਦਕਰ' (1924) ਅਤੇ ਗੁਰ ਸ਼ਬਦ ਅਲੰਕਾਰ (1925) ਮੁੱਖ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਅਤੇ ਕੁੱਝ ਹੋਰ ਸਿੱਖ ਗ੍ਰੰਥਾਂ ਵਿੱਚ ਵਰਤੇ ਗਏ ਅਲੰਕਾਰ ਅਤੇ ਵਿਅੰਗ ਨਾਲ ਸੰਬੰਧਿਤ ਹੈ।
ਉਨ੍ਹਾਂ ਦਾ 'ਗੁਰ ਗਿਰਾ ਕਸੌਟੀ' ਗੁਰੂ ਗ੍ਰੰਥ ਸਾਹਿਬ ਵਿੱਚ ਕੁੱਝ ਬਾਣੀਆਂ ਦੇ ਅਰਥਾਂ ਬਾਰੇ ਉਨ੍ਹਾਂ ਦੇ ਵਿਦਿਆਰਥੀ ਟਿੱਕਾ ਰਿਪੁਦਮਨ ਸਿੰਘ ਦੁਆਰਾ ਉਠਾਏ ਗਏ ਕੁਝ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਉਨ੍ਹਾਂ ਦਾ 'ਸ਼ਰਬ ਨਿਖੇਧ' (1907) ਸ਼ਰਾਬ ਪੀਣ ਦੇ ਨੁਕਸਾਨਦੇਹ ਪ੍ਰਭਾਵਾਂ 'ਤੇ ਜ਼ੋਰ ਦੇਣ ਵਾਲਾ ਉਪਦੇਸ਼ਿਕ ਕੰਮ ਹੈ। ਉਨ੍ਹਾਂ ਦੀਆਂ ਹੋਰ ਰਚਨਾਵਾਂ ਵਿੱਚ 'ਜੈਅੰਤ ਅਸਮੇਧ' (1896), 'ਵਿਸ਼ਣੂ ਪੁਰਾਣ' (1903) ਬਹੁਤ ਪ੍ਰਚਲਿਤ ਹਨ। ਉਨ੍ਹਾਂ ਦੀ ਮੌਤ ਉਪਰੰਤ ਪ੍ਰਕਾਸ਼ਿਤ ਕੀਤੀਆਂ ਗਈਆਂ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ 'ਗੁਰਮਤਿ ਮਾਰਤੰਡ' ਅਤੇ 1984 ਵਿੱਚ ਇੱਕ 'ਸਫ਼ਰਨਾਮਾ' ਪ੍ਰਕਾਸ਼ਿਤ ਹੋਇਆ ਸੀ। 1932 ਵਿੱਚ ਹਿੰਦੁਸਤਾਨ ਦੀ ਬਰਤਾਨਵੀ ਸਰਕਾਰ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਨੂੰ 'ਸਰਦਾਰ ਬਹਾਦਰ' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।
ਸ਼ਾਂਤ ਸੁਭਾਅ ਦੇ ਮਾਲਕ ਸਨ ਭਾਈ ਸਾਹਿਬ:
ਭਾਈ ਕਾਨ੍ਹ ਸਿੰਘ ਇਕਾਂਤ ਵਿੱਚ ਰਹਿੰਦੇ ਸਨ ਉਹ ਪੂਰੀ ਤਰ੍ਹਾਂ ਆਪਣੀ ਵਿਦਵਤਾ ਦੀ ਖੋਜ ਵਿੱਚ ਡੁੱਬੇ ਹੋਏ ਸਨ ਫ਼ਿਰ ਵੀ ਉਨ੍ਹਾਂ ਦਾ ਪ੍ਰਭਾਵ ਉਨ੍ਹਾਂ ਦੀਆਂ ਸੀਮਾਵਾਂ ਤੋਂ ਪਾਰ ਹੋ ਗਿਆ ਸੀ ਜੋ ਉਨ੍ਹਾਂ ਨੇ ਆਪਣੇ ਆਲੇ ਦੁਆਲੇ ਬਣਾਈਆਂ ਸਨ।
ਉਹ ਕੁਲੀਨ ਸੁਭਾਅ ਵਾਲੇ ਆਦਮੀ ਸਨ। ਅਸਾਧਾਰਣ ਰੂਪ ਵਿੱਚ ਸੁੰਦਰ ਅਤੇ ਤਿੱਖੇ ਨੈਣ-ਨਕਸ਼ ਵਾਲੀਆਂ ਵਿਸ਼ੇਸ਼ਤਾਵਾਂ ਵਾਲੇ ਭਾਈ ਕਾਨ੍ਹ ਸਿੰਘ ਜੀ ਬਾਗ਼ਬਾਨੀ ਅਤੇ ਸੰਗੀਤ ਨੂੰ ਪਿਆਰ ਕਰਦੇ ਸਨ। 24 ਨਵੰਬਰ 1938 ਨੂੰ ਨਾਭਾ ਵਿੱਖੇ ਭਾਈ ਕਾਨ੍ਹ ਸਿੰਘ ਅਕਾਲ ਚਲਾਣਾ ਕਰ ਗਏ।
ਭਾਈ ਕਾਨ੍ਹ ਸਿੰਘ ਜੀ ਸਿੱਖ ਸਾਹਿਤ, ਸਿੱਖ ਇਤਿਹਾਸ ਤੇ ਸੱਭਿਆਚਾਰ 'ਚ ਦਿੱਤੇ ਯੋਗਦਾਨ ਸਦਕਾ ਹਮੇਸ਼ਾ ਅਮਰ ਰਹਿਣਗੇ।
- PTC NEWS