Sukhbir Singh Badal ਨੇ AAP ਸਰਕਾਰ ਵੱਲੋਂ ਲੋਕ ਆਵਾਜ਼ ਟੀਵੀ ਚੈਨਲ ਨੂੰ ਫੇਸਬੁੱਕ ਤੋਂ ਹਟਾਏ ਜਾਣ ਦੀ ਕੀਤੀ ਨਿੰਦਾ
Lok Awaaz TV's Facebook page block removed : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ 'ਲੋਕ ਆਵਾਜ਼ ਟੀਵੀ' (Lok Awaz Tv) ਚੈਨਲ ਨੂੰ ਫੇਸਬੁੱਕ ਤੋਂ ਹਟਾਏ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਪ੍ਰੈਸ ਦੀ ਆਜ਼ਾਦੀ ਨੂੰ ਕੁਚਲਣ ਦੇ ਤਰੀਕੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਝੂਠੀਆਂ ਅਤੇ ਬੇਬੁਨਿਆਦ ਐਫ਼.ਆਈ.ਆਰ (FIRs) ਦਰਜ ਕਰਕੇ ਅਤੇ ਕਾਪੀਰਾਈਟ ਸਟ੍ਰਾਈਕਾਂ ਦੀ ਦੁਰਵਰਤੋਂ ਕਰਕੇ ਆਜ਼ਾਦ ਮੀਡੀਆ ਚੈਨਲਾਂ, ਜਿਵੇਂ ਕਿ ਲੋਕ ਆਵਾਜ਼ ਚੈਨਲ ਨੂੰ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀ ਸਰਕਾਰੀ ਵੀਡੀਓ ਰਿਕਾਰਡਿੰਗ ਅਤੇ ਸਰਕਾਰ ਵੱਲੋਂ ਖੁਦ ਜਨਤਕ ਤਰੀਕੇ ਨਾਲ ਅਪਲੋਡ ਕੀਤੀਆਂ ਵੀਡੀਓਜ਼ ਨੂੰ ਸਰਕਾਰ ਵੱਲੋਂ ਆਪਣੀ ਨਿੱਜੀ ਪ੍ਰਾਪਰਟੀ ਦਾ ਹਵਾਲਾ ਦੇ ਕੇ ਸੁਤੰਤਰ ਪੱਤਰਕਾਰਿਤਾ ਨੂੰ ਦਬਾਉਣਾ ਸ਼ਰੇਆਮ ਡਿਜ਼ਿਟਲ ਗੁੰਡਾਗਰਦੀ ਹੈ ਅਤੇ ਲੋਕਤੰਤਰੀ ਕਦਰਾਂ ਕੀਮਤਾਂ ‘ਤੇ ਸਿੱਧਾ ਹਮਲਾ ਹੈ।ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਾ ਹਾਂ ਕਿ ਅਜਿਹੇ ਤਾਨਾਸ਼ਾਹੀ ਰਵੱਈਏ ਨਾਲ ਸੱਚਾਈ ਨੂੰ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਪ੍ਰੈਸ ਦੀ ਆਜ਼ਾਦੀ ਦੇ ਪੱਖ ਵਿੱਚ ਡਟ ਕੇ ਖੜ੍ਹਾ ਰਿਹਾ ਹੈ ਅਤੇ ਬਿਨਾਂ ਕਿਸੇ ਡਰ ਜਾਂ ਸਮਝੌਤੇ ਦੇ ਲੋਕਤੰਤਰ ਦੇ ਇਸ ਥੰਮ੍ਹ ਦੀ ਰੱਖਿਆ ਕਰਦਾ ਰਹੇਗਾ।
ਸੁਖਪਾਲ ਖਹਿਰਾ ਨੇ ਵੀ ਲੋਕ ਆਵਾਜ਼ ਟੀਵੀ ਦੇ ਫੇਸਬੁੱਕ ਪੇਜ ਨੂੰ ਹਟਾਏ ਜਾਣ ਦੀ ਕੀਤੀ ਨਿੰਦਾ
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ 'ਲੋਕ ਆਵਾਜ਼ ਟੀਵੀ' (Lok Awaz Tv) ਦੇ ਫੇਸਬੁੱਕ ਪੇਜ ਨੂੰ ਬਲਾਕ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ। ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਖੋਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਮੁਤਾਬਕ, ਸਰਕਾਰ ਨੇ ਪਹਿਲਾਂ 'ਲੋਕ ਆਵਾਜ਼ ਟੀਵੀ' ਦੇ ਸੰਚਾਲਕ ਮਨਿੰਦਰਜੀਤ ਸਿੱਧੂ ਵਿਰੁੱਧ ਇੱਕ 'ਕਥਿਤ ਤੌਰ 'ਤੇ' ਝੂਠੀ ਐਫ.ਆਈ.ਆਰ. (FIR) ਦਰਜ ਕੀਤੀ ਅਤੇ ਹੁਣ ਉਨ੍ਹਾਂ ਦੇ ਫੇਸਬੁੱਕ ਪੇਜ ਨੂੰ ਬੰਦ ਕਰਵਾ ਦਿੱਤਾ ਗਿਆ ਹੈ, ਜਿਸ ਦੇ ਲਗਭਗ ਇੱਕ ਮਿਲੀਅਨ (10 ਲੱਖ) ਦੇ ਕਰੀਬ ਫਾਲੋਅਰਜ਼ ਸਨ।
- PTC NEWS