Taxi Driver Murder : ਲੁਧਿਆਣਾ 'ਚ ਟੈਕਸੀ ਡਰਾਈਵਰ ਦਾ ਅਗਵਾ ਕਰਕੇ ਬੇਰਹਿਮੀ ਨਾਲ ਕਤਲ, ਨਹਿਰ 'ਚ ਸੁੱਟੀ ਲਾਸ਼, ਪੁਲਿਸ ਨੇ ਮੁਲਜ਼ਮ ਕੀਤਾ ਕਾਬੂ
Ludhiana Taxi Driver Murder : ਪੁਲਿਸ ਜਿਲ੍ਹਾ ਜਗਰਾਉ ਦੇ ਥਾਣਾ ਸੁਧਾਰ ਤੋਂ ਵੱਡੀ ਖ਼ਬਰ ਨਿਕਲ ਕ ਸਾਹਮਣੇ ਆਈ ਹੈ। ਦਾਖਾ ਪੁਲਿਸ (Dakha Police) ਸਬ ਡਵੀਜ਼ਨ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਥਾਣਾ ਸੁਧਾਰ ਪੁਲਿਸ ਨੂੰ ਨਰਿੰਦਰ ਕੌਰ ਵਾਸੀ ਅਗਰ ਨਗਰ ਲੁਧਿਆਣਾ ਨੇ ਇਤਲਾਹ ਦਿੱਤੀ ਕਿ ਉਸਦਾ ਪਤੀ ਗੁਰਮੀਤ ਸਿੰਘ ਉਰਫ ਬਿੱਟੂ ਪੁੱਤਰ ਜੋਗਿੰਦਰ ਸਿੰਘ (ਲੁਧਿ:) ਸਵੇਰ ਤੜਕਸਾਰ ਲੁਧਿਆਣਾ ਤੋਂ ਰਾਏਕੋਟ ਛੱਡਣ ਲਈ ਸਵਾਰੀਆਂ 2 ਨੌਜਵਾਨ ਲੈ ਕੇ ਆਇਆ, ਜਿੰਨ੍ਹਾਂ ਬਾਰੇ ਖਦਸ਼ਾ ਹੈ ਕਿ ਉਨ੍ਹਾਂ ਉਸਦੇ ਪਤੀ ਨੂੰ ਅਗਵਾ ਕਰ ਲਿਆ।
ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਕਤਲ ਕਰਕੇ ਟੈਕਸੀ ਡਰਾਈਵਰ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ, ਜਿਸ ਦੀ ਭਾਲ ਲਈ ਗੋਤਾਖੋਰਾਂ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਫੋਨ ਕਾਲ ਡਿਟੇਲ ਬਾਅਦ ਇਸ ਗੱਲ ਤੋਂ ਪਰਤਾਂ ਉੱਠਣੀਆਂ ਸ਼ੁਰੂ ਹੋਈਆਂ ਕਿ ਨੇੜਲੇ ਪਿੰਡ ਮੋਹੀ ਵਸਨੀਕ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਬਲਜਿੰਦਰ ਸਿੰਘ ਅਤੇ ਗੁਰਤੇਜਪ੍ਰੀਤ ਸਿੰਘ ਪੁੱਤਰ ਗੁਰਵੀਰਮਾਨ ਸਿੰਘ ਦੇ ਨਾਲ ਗੁਰਬੰਤ ਸਿੰਘ ਉਰਫ ਬੰਟੀ ਤਿੰਨਾਂ ਵਲੋਂ ਕਾਰ ਖੋਹਣ ਦੀ ਨੀਅਤ ਨਾਲ ਲੁਧਿਆਣਾ ਤੋਂ ਰਾਏਕੋਟ ਜਾਣ ਲਈ ਗੁਰਮੀਤ ਸਿੰਘ ਦੀ ਟੈਕਸੀ ਸਵਿਫਟ ਡਿਜ਼ਾਇਰ ਕਿਰਾਏ ’ਤੇ ਲਈ ਗਈ। ਜਦ ਪੁਲਿਸ ਵਲੋਂ ਤਿੰਨਾਂ ਨੌਜਵਾਨਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਤਾਂ ਉਹ ਘਰੋਂ ਲਾਪਤਾ ਮਿਲੇ। ਫ਼ੋਨ ਕਾਲ ਡਿਟੇਲ ਦੀ ਅਗਲੀ ਕੜੀ ’ਚ ਪੁੁਲਿਸ ਨੂੰ ਤਿੰਨਾਂ ਬਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਨੇੜ-ਤੇੜ ਹੋਣ ਦਾ ਸਬੂਤ ਮਿਲਿਆ। ਡੀ.ਐੱਸ.ਪੀ ਨੇ ਦੱਸਿਆ ਕਿ ਪੁਲਿਸ ਵਲੋਂ ਟੈਕਸੀ ਡਰਾਈਵਰ ਨੂੰ ਅਗਵਾ ਸਬੰਧੀ ਬੀ.ਐੱਨ.ਐੱਸ ਦੀਆਂ ਧਾਰਾਵਾਂ 140 (3) 3 (5) ਹੇਠ ਥਾਣਾ ਸੁਧਾਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਅਗ਼ਵਾਕਾਰ ਕੀਤੇ ਕਾਬੂ
ਟੈਕਸੀ ਡਰਾਈਵਰ ਦਾ ਅਗਵਾ ਬਾਅਦ ਕਤਲ-ਅਗਵਾਕਾਰਾਂ ਦਾ ਪਿੱਛਾ ਕਰ ਰਹੀ ਪੁਲਿਸ ਉਕਤ ਨੌਜਵਾਨਾਂ ਨੂੰ ਫੋਨ ਡਿਟੇਲ ਜ਼ਰੀਏ ਦੇਰ ਰਾਤ ਜ਼ਿਲ੍ਹਾ ਰੋਪੜ ਦੇ ਕਸਬਾ ਨੂਰਪੁਰ ਬੇਦੀ ਨੇੜਿਓ ਗ੍ਰਿਫਤਾਰ ਕਰਨ ਵਿਚ ਸਫ਼ਲ ਰਹੀ। ਉਕਤ ਨੌਜਵਾਨਾਂ ਨੂੰ ਨੂਰਪੁਰ ਬੇਦੀ ਤੋਂ ਥਾਣਾ ਸੁਧਾਰ ਲਿਆ ਕੇ ਡੀ.ਐੱਸ.ਪੀ, ਐੱਸ.ਐੱਚ.ਓ. ਨੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪੁਲਿਸ ਕੋਲ ਮੰਨਿਆ ਕਿ ਅਸੀਂ ਉਕਤ ਟੈਕਸੀ ਕਿਰਾਏ ’ਤੇ ਲਈ। ਹਿੱਸੋਵਾਲ ਨੇੜੇ ਡਰਾਈਵਰ ਵਲੋਂ ਵਿਰੋਧ ਜਤਾਉਣ ’ਤੇ ਅਸੀਂ ਮਾਰੂ ਹਥਿਆਰਾਂ ਨਾਲ ਕਾਰ ਚਾਲਕ ਗੁਰਮੀਤ ਸਿੰਘ ਦਾ ਕਤਲ ਕਰ ਦਿੱਤਾ। ਕਤਲ ਦਾ ਸੁਰਾਗ ਮਿਟਾਉਣ ਲਈ ਉਨ੍ਹਾਂ ਵਲੋਂ ਮ੍ਰਿਤਕ ਦੇਹ ਸੁਧਾਰ-ਅਖਾੜਾ ਨਹਿਰ ਵਿਚ ਸੁੱਟ ਦਿੱਤੀ ਗਈ। ਪੁਲਿਸ ਵਲੋਂ ਉਕਤ ਨੌਜਵਾਨਾਂ ਦੀ ਨਿਸ਼ਾਨਦੇਹੀ ’ਤੇ ਨਹਿਰ ਦੇ ਕੰਢੇ ਮ੍ਰਿਤਕ ਦਾ ਕੁਝ ਸਮਾਨ ਅਤੇ ਵੀਰਾਨ ਥਾਂ ਖੜ੍ਹੀ ਟੈਕਸੀ ਕਾਰ ਵੀ ਬਰਾਮਦ ਕਰ ਲਈ ਗਈ।
- PTC NEWS