ਅਮਿਤ ਸ਼ਾਹ ਦੀ ਆਮਦ ਨੂੰ ਲੈ ਕੇ ਅੱਜ ਚੰਡੀਗੜ੍ਹ ਦੀਆਂ ਇਹ ਮੁੱਖ ਸੜਕਾਂ ਰਹਿਣਗੀਆਂ ਬੰਦ
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਵਿੱਚ 375 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ। ਇਸੇ ਦੌਰਾਨ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਦੀ ਚੰਡੀਗੜ੍ਹ ਵਿੱਚ ਆਮਦ ਕਰ ਕੇ ਸ਼ਹਿਰ ਦੀਆਂ ਕੁਝ ਸੜਕਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਬੰਦ ਕੀਤਾ ਜਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਦੀ ਫੇਰੀ ਸਬੰਧੀ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਟ੍ਰੈਫ਼ਿਕ ਪੁਲਿਸ ਵੱਲੋਂ ਅੱਜ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਰਾਜਿੰਦਰਾ ਪਾਰਕ ਸੈਕਟਰ-2/3 ਵਾਲੇ ਛੋਟੇ ਚੌਂਕ ਤੋਂ ਸੁਖਨਾ ਝੀਲ ਤੱਕ, ਵਿਗਿਆਨ ਪੱਥ ਵੱਲੋਂ ਹੀਰਾ ਸਿੰਘ ਚੌਕ ਤੇ ਗੋਲਫ ਕਲੱਬ ਦੇ ਮੋੜ ਤੱਕ ਅਤੇ ਸੁਖਨਾ ਪਥ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਤੋਂ ਲੈ ਕੇ ਸੰਤ ਕਬੀਰ ਸਕੂਲ ਤੱਕ ਸੜਕ ਨੂੰ ਬੰਦ ਕੀਤਾ ਜਾਵੇਗਾ।
ਇਸੇ ਤਰ੍ਹਾਂ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਸੁਖਨਾ ਪਥ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਲਾਈਟ ਪੁਆਇੰਟ, ਪੀ.ਐਸ. ਈਸਟ ਚੌਂਕ, ਸਰੋਵਰ ਪਥ ’ਤੇ ਏ.ਪੀ. ਚੌਂਕ, ਪੁਰਾਣਾ ਲੇਬਰ ਚੌਂਕ ਅਤੇ ਪੂਰੇ ਦੱਖਣ ਮਾਰਗ ਤੋਂ ਨਿਊ ਲੇਬਰ ਚੌਂਕ ਨਜ਼ਦੀਕ ਸ਼ਾਮ ਫੈਸ਼ਨ ਮਾਲ ਤੋਂ ਜ਼ੀਰਕਪੁਰ ਬੈਰੀਅਰ ਤੱਕ ਸੜਕ ਬੰਦ ਰਹੇਗੀ।
ਹਾਸਿਲ ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮ 3.50 ’ਤੇ ਚੰਡੀਗੜ੍ਹ ਪਹੁੰਚਣਗੇ। ਉਨ੍ਹਾਂ ਵੱਲੋਂ ਸੈਕਟਰ-26 ਵਿੱਚ ਸਥਿਤ ਸੀ.ਸੀ.ਈ.ਟੀ. ਵਿੱਚ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸੇ ਦੌਰਾਨ ਉਨ੍ਹਾਂ ਵੱਲੋਂ ਚੰਡੀਗੜ੍ਹ ਪੁਲਿਸ ’ਚ ਨਵ-ਨਿਯੁਕਤ ਏ.ਐੱਸ.ਆਈ. ਤੇ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਤੋਂ ਇਲਾਵਾ ਉਹ 375 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ ਅਤੇ ਕਈ ਪ੍ਰੈਜਕਟਾਂ ਦਾ ਨੀਂਹ ਪੱਥਰ ਰੱਖਣਗੇ।
- ਰਿਪੋਰਟਰ ਦਲਜੀਤ ਸਿੰਘ ਦੇ ਸਹਿਯੋਗ ਨਾਲ
-