Threat to Salman Khan : ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੰਗੇ 5 ਕਰੋੜ, ਪੁਲਿਸ ਨੇ ਨੋਇਡਾ ਤੋਂ ਫੜਿਆ 20 ਸਾਲਾ ਮੁੰਡਾ
Threat to Salman Khan : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਬਾਬਾ ਸਿੱਦੀਕੀ ਦੇ ਬੇਟੇ ਜੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਇਹ ਉਹੀ ਵਿਅਕਤੀ ਹੈ, ਜਿਸ ਨੇ ਬਾਂਦਰਾ ਈਸਟ ਸਥਿਤ ਜ਼ੀਸ਼ਾਨ ਸਿੱਦੀਕੀ ਦੇ ਪਬਲਿਕ ਰਿਲੇਸ਼ਨ ਦਫਤਰ 'ਚ ਫੋਨ ਕਰਕੇ ਧਮਕੀ ਦਿੱਤੀ ਸੀ। ਇਹ ਧਮਕੀ ਭਰੀ ਕਾਲ ਸ਼ੁੱਕਰਵਾਰ ਸ਼ਾਮ ਨੂੰ ਕੀਤੀ ਗਈ ਸੀ। ਜ਼ੀਸ਼ਾਨ ਸਿੱਦੀਕੀ ਅਤੇ ਅਭਿਨੇਤਾ ਸਲਮਾਨ ਖਾਨ ਨੂੰ ਕਾਲ 'ਤੇ ਅਣਪਛਾਤੇ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
20 ਸਾਲ ਦੇ ਮੁੰਡੇ ਨੇ ਦਿੱਤੀ ਸੀ ਧਮਕੀ
ਜੀਸ਼ਾਨ ਸਿੱਦੀਕੀ ਦੇ ਦਫਤਰ ਦੇ ਕਰਮਚਾਰੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਨਿਰਮਲਨਗਰ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਨੇ ਨੋਇਡਾ ਤੋਂ 20 ਸਾਲਾ ਗੁਫਰਾਨ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ ਸ਼ੁਰੂਆਤੀ ਜਾਂਚ 'ਚ ਜਾਪਦਾ ਹੈ ਕਿ ਇਹ ਧਮਕੀ ਭਰੀ ਕਾਲ ਸਿਰਫ ਪੈਸੇ ਮੰਗਣ ਲਈ ਕੀਤੀ ਗਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਨੂੰ ਹਰ ਪਹਿਲੂ ਤੋਂ ਦੇਖਿਆ ਜਾ ਰਿਹਾ ਹੈ।
ਮੁਹੰਮਦ ਤਇਅਬ ਉਰਫ਼ ਗੁਰਫਾਨ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਨੋਇਡਾ ਦੇ ਰਹਿਣ ਵਾਲੇ ਮੁਲਜ਼ਮ ਨੂੰ ਸੈਕਟਰ-39 ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਨੇ ਗੁਰਫਾਨ ਨੂੰ ਟਰਾਂਜ਼ਿਟ ਰਿਮਾਂਡ 'ਤੇ ਲੈ ਲਿਆ ਹੈ।
ਸਲਮਾਨ ਖਾਨ ਤੋਂ ਮੰਗੀ ਗਈ ਸੀ 5 ਕਰੋੜ ਰੁਪਏ ਦੀ ਫਿਰੌਤੀ
ਹਾਲ ਹੀ 'ਚ ਮੁੰਬਈ ਟ੍ਰੈਫਿਕ ਪੁਲਿਸ ਨੂੰ ਸਲਮਾਨ ਖਾਨ ਦੇ ਨਾਂ 'ਤੇ ਧਮਕੀ ਭਰਿਆ ਮੈਸੇਜ ਮਿਲਿਆ ਸੀ। ਧਮਕੀ ਭਰੇ ਸੰਦੇਸ਼ 'ਚ ਅਭਿਨੇਤਾ ਸਲਮਾਨ ਖਾਨ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਮੁੰਬਈ ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ 'ਤੇ ਭੇਜੇ ਗਏ ਸੰਦੇਸ਼ 'ਚ ਕਿਹਾ ਗਿਆ ਹੈ ਕਿ ਇਸ ਨੂੰ ਹਲਕੇ 'ਚ ਨਾ ਲਓ। ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਅਤੇ ਲਾਰੇਂਸ ਬਿਸ਼ਨੋਈ ਨਾਲ ਆਪਣੀ ਦੁਸ਼ਮਣੀ ਖਤਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਕਰੋੜ ਰੁਪਏ ਦੇਣੇ ਪੈਣਗੇ। ਸੰਦੇਸ਼ 'ਚ ਅੱਗੇ ਕਿਹਾ ਗਿਆ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਮਾੜੀ ਹੋ ਜਾਵੇਗੀ।
- PTC NEWS