Bharat Bhushan Ashu: ਨਹੀਂ ਘੱਟ ਰਹੀਆਂ ਸਾਬਕਾ ਮੰਤਰੀ ਆਸ਼ੂ ਦੀਆਂ ਮੁਸ਼ਕਿਲਾਂ, ਈਡੀ ਨੇ 2.12 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਕੀਤੇ ਜ਼ਬਤ
Bharat Bhushan Ashu: ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਦੱਸ ਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ ਮੁੜ ਕੀਤੀ ਗਈ ਛਾਪੇਮਾਰੀ ਵਿੱਚ 4 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ ਕਰੀਬ 2.12 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ 24 ਅਗਸਤ ਨੂੰ ਈਡੀ ਨੇ ਭਾਰਤ ਭੂਸ਼ਣ ਆਸ਼ੂ ਅਤੇ ਉਸ ਦੇ ਸਾਥੀਆਂ ਦੇ ਲੁਧਿਆਣਾ, ਮੋਹਾਲੀ, ਨਵਾਂਸ਼ਹਿਰ, ਜਲੰਧਰ ਅਤੇ ਅੰਮ੍ਰਿਤਸਰ ਵਿੱਚ 25 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ 6.5 ਕਰੋੜ ਰੁਪਏ ਜ਼ਬਤ ਕੀਤੇ ਗਏ। ਬੈਂਕ ਦੇ ਲਾਕਰ ਫਰੀਜ਼ ਕਰ ਦਿੱਤੇ ਗਏ। ਹੁਣ ਇਸ ਮਾਮਲੇ ਵਿੱਚ ਜ਼ਬਤ ਅਤੇ ਫਰੀਜ਼ ਕੀਤੀ ਗਈ ਕੁੱਲ ਰਕਮ 8.6 ਕਰੋੜ ਰੁਪਏ ਹੋ ਗਈ ਹੈ।
ਸਾਬਕਾ ਕੈਬਨਿਟ ਮੰਤਰੀ ਦੀ ਹੋਈ ਸੀ ਗ੍ਰਿਫਤਾਰੀ
ਦੱਸ ਦਈਏ ਕਿ ਵਿਜੀਲੈਂਸ ਨੇ ਖੁਰਾਕ ਅਤੇ ਸਪਲਾਈ ਵਿਭਾਗ ਵਿੱਚ ਹੋਏ ਕਰੋੜਾਂ ਰੁਪਏ ਦੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ 16 ਅਗਸਤ ਨੂੰ ਐਫਆਈਆਰ ਦਰਜ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਹ ਹੈ ਪੂਰਾ ਮਾਮਲਾ
ਕਾਬਿਲੇਗੌਰ ਹੈ ਕਿ ਦਾਣਾ ਮੰਡੀਆਂ ’ਚ ਕਣਕ ਦੀ ਲੋਡਿੰਗ ਤੇ ਅਨਲੋਡਿੰਗ ਲਈ ਮਜ਼ਦੂਰਾਂ ਤੇ ਵਾਹਨਾਂ ਨੂੰ ਲੈ ਕੇ ਟੈਂਡਰ ਜਾਰੀ ਹੋਏ ਸਨ। ਇਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਈ ਅਜਿਹੇ ਵਾਹਨਾਂ ਦੇ ਨੰਬਰ ਲਾਏ ਗਏ, ਜੋ ਟਰੱਕਾਂ ਦੀ ਥਾਂ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਸਨ। ਜਿਨ੍ਹਾਂ ਵਾਹਨਾਂ ਦੇ ਇਹ ਨੰਬਰ ਹਨ, ਉਹ ਮਾਲ ਢੋਹਣ ਲਈ ਯੋਗ ਹੀ ਨਹੀਂ ਹਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀਆਂ ਦੇ ਕਾਫ਼ੀ ਨਜ਼ਦੀਕੀ ਸਨ। ਇਸ ਕਾਰਨ ਮਿਲੀਭੁਗਤ ਕਰਕੇ ਉਸ ਨੂੰ ਟੈਂਡਰ ਦਿੱਤੇ ਗਏ। ਇਹ ਵੀ ਦੱਸਿਆ ਗਿਆ ਸੀ ਕਿ ਇਸ ਮਿਲੀਭੁਗਤ ’ਚ ਸਭ ਤੋਂ ਵੱਡਾ ਹੱਥ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸੀ।
ਇਹ ਵੀ ਪੜ੍ਹੋ: Punjab University Student Polls Update: ਅੱਜ ਮਿਲੇਗਾ ਪੰਜਾਬ ਯੂਨੀਵਰਸਿਟੀ ਨੂੰ ਨਵਾਂ ਪ੍ਰਧਾਨ,ਵੋਟਿੰਗ ਜਾਰੀ
- PTC NEWS