Kapurthala Road Accident : ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ 2 ਵਾਹਨਾਂ ਦੀ ਹੋਈ ਟੱਕਰ, ਪਤੀ -ਪਤਨੀ ਸਮੇਤ ਇੱਕ ਲੜਕੀ ਦੀ ਮੌਤ
Kapurthala Road Accident : ਅੱਜ ਸਵੇਰੇ ਕਪੂਰਥਲਾ ਦੇ ਢਿਲਵਾਂ ਟੋਲ ਪਲਾਜ਼ਾ ਤੋਂ ਪਹਿਲਾਂ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਬਿਆਸ ਜਾ ਰਹੇ ਇੱਕ ਪਰਿਵਾਰ ਦੀ ਕਾਰ ਅਤੇ ਪਿਕਆਪ ਗੱਡੀ ਵਿਚਾਲੇ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਪਤੀ -ਪਤਨੀ ਸਮੇਤ ਇੱਕ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ,ਜਿਨ੍ਹਾਂ ਨੂੰ ਮੌਕੇ 'ਤੇ ਹਸਪਤਾਲ ਲਿਜਾਇਆ ਗਿਆ ਅਤੇ ਜ਼ੇਰੇ ਇਲਾਜ ਤਿੰਨਾਂ ਦੀ ਮੌਤ ਹੋ ਗਈ।
ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਬਿਆਸ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਮ੍ਰਿਤਕਾਂ ਦੀ ਪਛਾਣ 60 ਸਾਲਾ ਪ੍ਰਵੀਨ ਕੁਮਾਰੀ ਅਤੇ ਉਨ੍ਹਾਂ ਦੇ ਪਤੀ 62 ਸਾਲਾ ਕਲਿਆਣ ਸਿੰਘ ਵਾਸੀ ਹੁਸ਼ਿਆਰਪੁਰ ਅਤੇ 19 ਸਾਲਾ ਸੰਜਨਾ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਦੋਵਾਂ ਵਾਹਨਾਂ ਵਿੱਚ ਸਵਾਰ 14-15 ਲੋਕ ਜ਼ਖਮੀ ਹੋ ਗਏ ਹਨ।
ਢਿਲਵਾਂ ਥਾਣੇ ਦੇ ਐਸਐਚਓ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਏਐਸਆਈ ਮੂਰਤਾ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੜਕ ਸੁਰੱਖਿਆ ਫੋਰਸ ਦੇ ਦਿਆਲਪੁਰ-ਬਿਆਸ ਰੂਟ ਨੰਬਰ 52902 ਦੇ ਇੰਚਾਰਜ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਇੱਕ ਰਾਹਗੀਰ ਨੇ ਸੂਚਨਾ ਦਿੱਤੀ ਕਿ ਗੁਡਾਣਾ ਪੁਲ ਨੇੜੇ ਹਾਦਸਾ ਹੋਇਆ ਹੈ।
ਜਿਸ ਮਗਰੋਂ ਉਹ ਤੁਰੰਤ ਆਪਣੇ ਸਾਥੀਆਂ ਕਾਂਸਟੇਬਲ ਵਿਕਾਸ ਅਤੇ ਕਾਂਸਟੇਬਲ ਜਗਤਾਰ ਸਿੰਘ ਨਾਲ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਆਰਟਿਕਾ ਕਾਰ ਨੰਬਰ ਇੱਕ ਚਾਰ ਪਹੀਆ ਵਾਹਨ ਨਾਲ ਟਕਰਾ ਗਈ ਹੈ। ਇਸ ਹਾਦਸੇ ਵਿੱਚ ਦੋਵੇਂ ਵਾਹਨ ਪਲਟ ਗਏ ਅਤੇ ਆਰਟਿਕਾ ਪੁਲ ਤੋਂ ਹੇਠਾਂ ਡਿੱਗ ਗਈ। ਦੋਵਾਂ ਵਾਹਨਾਂ ਵਿੱਚ ਸਵਾਰ 14-15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਪਤੀ -ਪਤਨੀ ਸਮੇਤ ਇੱਕ ਲੜਕੀ ਦੀ ਮੌਤ ਹੋ ਗਈ।
- PTC NEWS