Punjab News : ਸੰਗਰੂਰ ਜ਼ਿਲ੍ਹੇ 'ਚ ਕਰਜ਼ੇ ਕਾਰਨ ਦੋ ਨੌਜਵਾਨ ਕਿਸਾਨਾਂ ਨੇ ਜੀਵਨਲੀਲ੍ਹਾ ਕੀਤੀ ਸਮਾਪਤ
ਪੰਜਾਬ ਵਿੱਚ ਕਰਜ਼ੇ ਦਾ ਦੈਂਤ ਕਿਸਾਨਾਂ ਨੂੰ ਲਗਾਤਾਰ ਨਿਗਲਦਾ ਜਾ ਰਿਹਾ ਹੈ। ਹੁਣ ਇਸ ਦੈਂਤ ਨੇ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਦੋ ਨੌਜਵਾਨਾਂ ਨੂੰ ਨਿਗਲਿਆ ਹੈ। ਦੋਵੇਂ ਪਿੰਡ ਸ਼ਾਹਪੁਰ ਕਲਾਂ ਦੇ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪਿੰਡ ਸ਼ਾਹਪੁਰ ਕਲਾਂ ਦੇ ਦੋ ਨੌਜਵਾਨ ਕਿਸਾਨਾਂ ਨੇ ਕਰਜ਼ੇ ਦੇ ਬੋਝ ਕਾਰਨ ਜੀਵਨਲੀਲਾ ਸਮਾਪਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਰਜ਼ੇ ਕਾਰਨ ਪ੍ਰੇਸ਼ਾਨ ਸਨ, ਜਿਸ ਕਾਰਨ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ।
ਮ੍ਰਿਤਕ ਦੇ ਚਾਚਾ ਜੀਤ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਉਰਫ਼ ਜੁਪੀ (33) ਪੁੱਤਰ ਧਨੰਤਰ ਸਿੰਘ ਛੋਟਾ ਕਿਸਾਨ ਸੀ। ਉਸ ਦੇ ਸਿਰ ਸਰਕਾਰੀ ਅਤੇ ਗੈਰ-ਸਰਕਾਰੀ ਲੱਖਾਂ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਉਹ ਮੋੜਨ ਤੋਂ ਅਸਮਰੱਥ ਸੀ। ਇਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ।
ਜਦਕਿ ਦੂਜੇ ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਸਿਰਫ (24 ਸਾਲ) ਦਾ ਸੀ ਅਤੇ ਆਪਣੇ ਪਿੱਛੇ ਇੱਕ ਛੋਟੀ ਬੇਟੀ ਛੱਡ ਗਿਆ ਹੈ।
ਮੌਕੇ 'ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ। ਉਨ੍ਹਾਂ ਨੇ ਮ੍ਰਿਤਕ ਨੌਜਵਾਨਾਂ ਦੇ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼ੀ ਅਤੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।
- PTC NEWS