WhatsApp ਚੈਟਬੋਟ ਲਈ ਇੱਕ ਨਵਾਂ QR ਕੋਡ ਪੇਸ਼ , ਯੂਕੇ ਹਾਈ ਕਮਿਸ਼ਨ ਵੱਲੋਂ ਵੀਜ਼ਾ ਧੋਖਾਧੜੀ ਬਾਰੇ ਜਾਗਰੂਕਤਾ ਮੁਹਿੰਮ
Chandigarh News : ਇਸ ਸਾਲ ਦੇ ਸ਼ੁਰੂ ਵਿੱਚ ਸ਼ੁਰੂ ਕੀਤੀ ਗਈ ਯੂਕੇ ਸਰਕਾਰ ਦੀ 'ਵੀਜ਼ਾ ਧੋਖਾਧੜੀ ਤੋਂ ਬਚੋ' ਮੁਹਿੰਮ ਨੂੰ ਮਿਲੇ ਸਕਾਰਾਤਮਕ ਹੁੰਗਾਰੇ ਮਗਰੋਂ ਬ੍ਰਿਟਿਸ਼ ਹਾਈ ਕਮਿਸ਼ਨ ਆਗਾਮੀ ਮਹੀਨਿਆਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਮੁਹਿੰਮ ਨੂੰ ਅੱਗੇ ਵਧਾਉਣ ਲਈ ਭਾਰਤੀ ਅਧਿਕਾਰੀਆਂ ਅਤੇ ਸਥਾਨਕ ਭਾਈਵਾਲਾਂ ਨਾਲ ਕੰਮ ਕਰੇਗਾ। ਇਸੇ ਕੜੀ ਵਿੱਚ ਯੂਕੇ ਨੇ ਅੱਜ ਆਪਣੇ ਵਟਸਐਪ ਚੈਟਬੋਟ ਲਈ ਇੱਕ ਨਵਾਂ QR ਕੋਡ ਪੇਸ਼ ਕੀਤਾ ਹੈ। ਇਸ ਚੈਟਬੋਟ ਦਾ ਮੁੱਖ ਮੰਤਵ ਆਮ ਵੀਜ਼ਾ ਘੁਟਾਲੇ ਦੀ ਪਛਾਣ ਕਰਨ ਲਈ ਅਧਿਕਾਰਤ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ।
ਵੀਜ਼ਾ ਧੋਖਾਧੜੀ ਨਾਲ ਨਜਿੱਠਣ ਲਈ BHC ਨਾਲ ਕੰਮ ਕਰਨ ਵਾਲੇ ਸਥਾਨਕ ਅਧਿਕਾਰੀਆਂ ਅਤੇ ਹੋਰ ਭਰੋਸੇਮੰਦ ਹਿੱਸੇਦਾਰਾਂ ਨਾਲ ਜਾਣਕਾਰੀ ਸਰੋਤ ਤਿਆਰ ਕੀਤੇ ਜਾਣਗੇ। ਇਸ ਪੂਰੇ ਅਮਲ ਦਾ ਉਦੇਸ਼ ਵੀਜ਼ਾ ਧੋਖਾਧੜੀ ਵਿਰੁੱਧ ਲੜਾਈ ਵਿੱਚ ਭਾਈਵਾਲਾਂ ਦਾ ਇੱਕ ਨੈੱਟਵਰਕ ਬਣਾਉਣਾ ਹੈ। ਕਮਿਸ਼ਨ ਦੇ ਸਿਆਸੀ ਸਲਾਹਕਾਰ ਡੈਨੀਅਲ ਸ਼ੈਰੀ ਨੇ ਕਿਹਾ, “ਸਾਨੂੰ ਪੰਜਾਬ ਵਿੱਚ ਆਪਣੀ ਵੀਜ਼ਾ ਧੋਖਾਧੜੀ ਤੋਂ ਬਚੋ ਮੁਹਿੰਮ ਨੂੰ ਜਾਰੀ ਰੱਖ ਕੇ ਖੁਸ਼ੀ ਹੋ ਰਹੀ ਹੈ।
WhatsApp ਚੈਟਬੋਟ QR ਕੋਡ ਦੀ ਸ਼ੁਰੂਆਤ ਨਾਲ ਅਸੀਂ ਵੀਜ਼ਾ ਧੋਖਾਧੜੀ ਦੇ ਸ਼ਿਕਾਰ ਲੋਕਾਂ ਦੀ ਰੱਖਿਆ ਕਰਨਾ ਜਾਰੀ ਰੱਖਾਂਗੇ। ਡਿਪਟੀ ਹੈੱਡ ਆਫ਼ ਮਿਸ਼ਨ ਅਮਨਦੀਪ ਗਰੇਵਾਲ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਆਪਣੇ ਭਾਈਵਾਲ਼ਾਂ ਦੇ ਸਮਰਥਨ ਲਈ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਮਾਸੂਮ ਲੋਕਾਂ ਨੂੰ ਵੀਜ਼ਾ ਧੋਖਾਧੜੀ ਤੋਂ ਬਚਾਉਣਾ ਹੈ ਤੇ ਇਹ ਮਿਸ਼ਨ ਅੱਗੇ ਵੀ ਜਾਰੀ ਰੱਖਾਂਗੇ। ਇਹ ਮੁਹਿੰਮ ਇਸ ਸਾਲ ਫਰਵਰੀ ਵਿੱਚ ਸ਼ੁਰੂ ਕੀਤੀ ਗਈ ਸੀ। WhatsApp ਚੈਟਬੋਟ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ 91 70652 51380 'ਤੇ ਉਪਲਬਧ ਹੈ।
- PTC NEWS