Semiconductor Plant : ਕੇਂਦਰੀ ਕੈਬਨਿਟ ਨੇ 4 ਸੈਮੀਕੰਡਕਟਰ ਪਲਾਂਟਾਂ ਨੂੰ ਦਿੱਤੀ ਮਨਜੂਰੀ, ਜਾਣੋ ਪੰਜਾਬ ਨੂੰ ਕਿੰਨੇ ਪਲਾਂਟਾਂ ਦੀ ਮਿਲੀ ਸੌਗਾਤ
Semiconductor Plant : ਕੇਂਦਰ ਸਰਕਾਰ ਦੀ ਕੈਬਨਿਟ ਨੇ ਮੰਗਲਵਾਰ ਨੂੰ ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ 4,594 ਕਰੋੜ ਰੁਪਏ ਦੇ ਨਿਵੇਸ਼ ਨਾਲ ਚਾਰ ਨਵੇਂ ਸੈਮੀਕੰਡਕਟਰ ਪਲਾਂਟ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ (ISM) ਦੇ ਤਹਿਤ ਚਾਰ ਨਵੇਂ ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇੱਕ ਮਜ਼ਬੂਤ ਚਿੱਪ ਬਣਾਉਣ ਵਾਲਾ ਈਕੋਸਿਸਟਮ ਬਣਾਉਣ ਦੇ ਭਾਰਤ ਦੇ ਯਤਨਾਂ ਵਿੱਚ ਇੱਕ ਹੋਰ ਮੀਲ ਪੱਥਰ ਸਾਬਤ ਹੋਵੇਗਾ। ਕੇਂਦਰ ਦੇ ਅਨੁਸਾਰ, ਇਨ੍ਹਾਂ ਚਾਰ ਪ੍ਰਵਾਨਿਤ ਪ੍ਰੋਜੈਕਟਾਂ ਤੋਂ ਕੁੱਲ 2,034 ਹੁਨਰਮੰਦ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ।
ਸਰਕਾਰ ਦੇ ਅਨੁਸਾਰ, ਇਸ ਨਾਲ ਇਲੈਕਟ੍ਰਾਨਿਕ ਨਿਰਮਾਣ ਈਕੋਸਿਸਟਮ ਨੂੰ ਹੁਲਾਰਾ ਮਿਲੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਲਏ ਗਏ ਇਸ ਫੈਸਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ 'ਇੰਡੀਆ ਸੈਮੀਕੰਡਕਟਰ ਮਿਸ਼ਨ' ਦੇ ਤਹਿਤ ਮਨਜ਼ੂਰੀ ਦਿੱਤੀ ਗਈ ਹੈ। ਸੈਮੀਕੰਡਕਟਰ ਨਿਰਮਾਣ ਯੂਨਿਟਾਂ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਇਰਾਦੇ ਨਾਲ ਇਸ ਮਿਸ਼ਨ ਲਈ 76,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
3 ਰਾਜਾਂ 'ਚ ਲੱਗਣਗੇ 4 ਸੈਮੀਕੰਡਕਟਰ ਪਲਾਂਟ
ਕੇਂਦਰੀ ਰੇਲ ਮੰਤਰੀ ਵੈਸ਼ਨਵ ਨੇ ਕਿਹਾ, "ਕੈਬਨਿਟ ਨੇ ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ ਚਾਰ ਸੈਮੀਕੰਡਕਟਰ ਪਲਾਂਟ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।" ਵੈਸ਼ਣਵ ਨੇ ਕਿਹਾ ਕਿ ਭੁਵਨੇਸ਼ਵਰ ਵਿੱਚ ਇੱਕ ਸਿਲੀਕਾਨ ਕਾਰਬਾਈਡ ਸੈਮੀਕੰਡਕਟਰ ਪਲਾਂਟ ਸਥਾਪਤ ਕੀਤਾ ਜਾਵੇਗਾ, ਜਿਸ 'ਤੇ ਸਿਸੇਮ ਪ੍ਰਾਈਵੇਟ ਲਿਮਟਿਡ 2,066 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
ਓਡੀਸ਼ਾ 'ਚ 3D ਗਲਾਸ ਨਿਰਮਾਣ ਪਲਾਂਟ ਵੀ ਹੋਵੇਗਾ ਸਥਾਪਤ
ਓਡੀਸ਼ਾ ਵਿੱਚ ਇੱਕ 3D ਗਲਾਸ ਨਿਰਮਾਣ ਪਲਾਂਟ ਵੀ ਸਥਾਪਤ ਕੀਤਾ ਜਾਵੇਗਾ, ਜਿਸ 'ਤੇ 1,943 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਅਮਰੀਕੀ ਤਕਨਾਲੋਜੀ ਕੰਪਨੀਆਂ ਇੰਟੇਲ ਅਤੇ ਲਾਕਹੀਡ ਮਾਰਟਿਨ ਸਮੇਤ ਹੋਰ ਕੰਪਨੀਆਂ ਇਸ ਪਲਾਂਟ ਵਿੱਚ ਨਿਵੇਸ਼ ਕਰਨਗੀਆਂ। ਕੈਬਨਿਟ ਨੇ ਆਂਧਰਾ ਪ੍ਰਦੇਸ਼ ਵਿੱਚ ਇੱਕ ਚਿੱਪ ਪੈਕੇਜਿੰਗ ਪਲਾਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਐਡਵਾਂਸਡ ਸਿਸਟਮ ਇਨ ਪੈਕੇਜ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਰਾਹੀਂ 468 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤਾ ਜਾਵੇਗਾ।
ਇਸ ਵਿੱਚ 9.6 ਕਰੋੜ ਚਿਪਸ ਬਣਾਉਣ ਦੀ ਸਾਲਾਨਾ ਸਮਰੱਥਾ ਹੋਵੇਗੀ। ਕੈਬਨਿਟ ਨੇ ਪੰਜਾਬ ਵਿੱਚ 117 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਸੈਮੀਕੰਡਕਟਰ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਇਲੈਕਟ੍ਰਾਨਿਕ ਕੰਪੋਨੈਂਟ ਨਿਰਮਾਣ ਕੰਪਨੀ CDIL ਰਾਹੀਂ ਸਥਾਪਤ ਕੀਤਾ ਜਾਵੇਗਾ। ਇਸ ਪਲਾਂਟ ਵਿੱਚ ਸਾਲਾਨਾ 15.8 ਕਰੋੜ ਚਿਪਸ ਤਿਆਰ ਕੀਤੇ ਜਾ ਸਕਦੇ ਹਨ।
- PTC NEWS