India Pakistan Ceasefire : 'ਲੜਾਈ ਪ੍ਰਮਾਣੂ ਤਬਾਹੀ ਵਿੱਚ ਬਦਲ ਸਕਦੀ ਸੀ', ਭਾਰਤ-ਪਾਕਿਸਤਾਨ ਜੰਗਬੰਦੀ ਨੂੰ ਲੈ ਕੇ ਫਿਰ ਆਇਆ ਟਰੰਪ ਦਾ ਬਿਆਨ
India Pakistan Ceasefire : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਵਿਚਾਲੇ ਹੋਈ ਜੰਗਬੰਦੀ ਨੂੰ ਲੈ ਕੇ ਬਿਆਨ ਦਿੱਤਾ ਹੈ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਇਆ ਤਣਾਅ ਪ੍ਰਮਾਣੂ ਤਬਾਹੀ ਵਿੱਚ ਬਦਲ ਸਕਦਾ ਸੀ।
ਦਰਅਸਲ 'ਚ ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਤਹਿਤ 6-7 ਮਈ ਦੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਚੱਲ ਰਹੇ ਅੱਤਵਾਦੀ ਠਿਕਾਣਿਆਂ 'ਤੇ ਵੱਡਾ ਹਵਾਈ ਹਮਲਾ ਕੀਤਾ ਸੀ। ਭਾਰਤ ਨੇ ਹਵਾਈ ਹਮਲੇ ਵਿੱਚ ਪਾਕਿਸਤਾਨ ਦੇ 9 ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।
ਇਸ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਬਹੁਤ ਵਧ ਗਿਆ ਸੀ ਪਰ 10 ਮਈ ਨੂੰ ਦੋਵਾਂ ਦੇਸ਼ਾਂ ਨੇ ਜੰਗਬੰਦੀ ਦਾ ਐਲਾਨ ਕੀਤਾ। ਟਰੰਪ ਨੇ ਪਿਛਲੇ ਕੁਝ ਦਿਨਾਂ ਵਿੱਚ ਕਈ ਵਾਰ ਇਸਦਾ ਕ੍ਰੇਡਿਟ ਲੈਣ ਦੀ ਕੋਸ਼ਿਸ਼ ਕੀਤੀ ਹੈ। ਟਰੰਪ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਜੰਗਬੰਦੀ ਬਾਰੇ ਜਾਣਕਾਰੀ ਦਿੱਤੀ ਸੀ। ਹੁਣ ਟਰੰਪ ਨੇ ਇੱਕ ਨਵਾਂ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਅਮਰੀਕਾ ਨੇ ਵਪਾਰ ਬੰਦ ਕਰਨ ਦੀ ਧਮਕੀ ਦਿੱਤੀ ਸੀ ਅਤੇ ਇਸ ਕਾਰਨ ਭਾਰਤ ਅਤੇ ਪਾਕਿਸਤਾਨ ਜੰਗ ਤੋਂ ਪਿੱਛੇ ਹਟ ਗਏ।
ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਨੂੰ ਲੜਨ ਤੋਂ ਰੋਕਿਆ
ਡੋਨਾਲਡ ਟਰੰਪ ਨੇ ਓਵਲ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਨੂੰ ਲੜਨ ਤੋਂ ਰੋਕਿਆ... ਮੇਰਾ ਮੰਨਣਾ ਹੈ ਕਿ ਇਹ ਇੱਕ ਪ੍ਰਮਾਣੂ ਤਬਾਹੀ ਵਿੱਚ ਬਦਲ ਸਕਦਾ ਸੀ। ਟਰੰਪ ਨੇ ਕਿਹਾ, "ਅਸੀਂ ਭਾਰਤ ਨਾਲ ਡੀਲਿੰਗ ਕਰ ਰਹੇ ਹਾਂ, ਅਸੀਂ ਪਾਕਿਸਤਾਨ ਨਾਲ ਡੀਲਿੰਗ ਕਰ ਰਹੇ ਹਾਂ ਅਤੇ ਅਸੀਂ ਗੋਲੀਆਂ ਦੀ ਬਜਾਏ ਵਪਾਰ ਦੇ ਜ਼ਰੀਏ ਸੰਭਾਵੀ ਪ੍ਰਮਾਣੂ ਯੁੱਧ ਨੂੰ ਰੋਕ ਸਕਦੇ ਸੀ... ਅਸੀਂ ਵਪਾਰ ਦੇ ਜ਼ਰੀਏ ਅਜਿਹਾ ਕਰਦੇ ਹਾਂ ,ਇਸ ਲਈ ਮੈਨੂੰ ਇਸ 'ਤੇ ਮਾਣ ਹੈ।"
ਭਾਰਤ ਨੇ ਕੀਤਾ ਸੀ ਖੰਡਨ
ਭਾਰਤ ਨੇ ਹਾਲ ਹੀ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਤਣਾਅ ਘੱਟ ਕਰਨ ਲਈ ਦੋਵਾਂ ਦੇਸ਼ਾਂ ਵਿਚਕਾਰ ਹੋਈ ਗੱਲਬਾਤ ਦੀ ਭੂਮਿਕਾ ਹੈ। ਦੋਵਾਂ ਦੇਸ਼ਾਂ ਦੇ ਡੀਜੀਐਮਓਜ਼ ਵਿਚਕਾਰ ਗੱਲਬਾਤ ਹੋਈ ਸੀ। ਨਵੀਂ ਦਿੱਲੀ ਨੇ ਸਪੱਸ਼ਟ ਕੀਤਾ ਸੀ ਕਿ ਇਸ ਵਿੱਚ ਕੋਈ ਤੀਜੀ ਧਿਰ ਸ਼ਾਮਲ ਨਹੀਂ ਸੀ। ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ਨੇ ਜੰਗਬੰਦੀ ਵਿੱਚ ਅਮਰੀਕਾ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਪਰ ਸਵਾਲ ਇਹ ਉੱਠਦਾ ਹੈ ਕਿ ਟਰੰਪ ਵਾਰ-ਵਾਰ ਜੰਗਬੰਦੀ ਦਾ ਸਿਹਰਾ ਕਿਉਂ ਲੈਣਾ ਚਾਹੁੰਦੇ ਹਨ?
- PTC NEWS