Haryana News : 'ਬਜ਼ੁਰਗਾਂ ਦਾ ਪਿੰਡ' ਕੈਲ...72 ਨੌਜਵਾਨ ਵਿਦੇਸ਼ਾਂ 'ਚ, US ਘਟਨਾ ਨੇ ਮਾਪਿਆਂ 'ਚ ਡਰ ਤੇ ਚਿੰਤਾ ਕੀਤੀ ਪੈਦਾ, ਬਿਆਨਿਆ ਦਰਦ
Haryana Special Story : ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਰਵਾਸੀ ਭਾਰਤੀਆਂ ਦੀ ਘਟਨਾ ਨੇ ਜਿਥੇ ਇਨ੍ਹਾਂ ਪੀੜਤਾਂ ਦੇ ਦਿਲਾਂ 'ਤੇ ਡੂੰਘੀ ਸੱਟ ਮਾਰੀ ਹੈ, ਉਥੇ ਹੀ ਉਨ੍ਹਾਂ ਮਾਪਿਆਂ ਦੀ ਚਿੰਤਾ ਵੀ ਵਧਾ ਦਿੱਤੀ ਹੈ, ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਜਾ ਰਹੇ ਹਨ ਜਾਂ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਹਨ। ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਕੈਲ 'ਚੋਂ ਮਾਪਿਆਂ ਦੀ ਅਜਿਹੀ ਹੀ ਚਿੰਤਾ ਸਾਹਮਣੇ ਆਈ। ਤਰਾਸਦੀ ਇਹ ਵੀ ਹੈ ਕਿ ਇਸ ਪਿੰਡ ਨੂੰ 'ਬਜ਼ੁਰਗਾਂ ਦਾ ਪਿੰਡ' ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਪਿੰਡ ਦੇ 72 ਨੌਜਵਾਨ ਬੱਚੇ ਵਿਦੇਸ਼ ਗਏ ਹਨ। ਇਥੋਂ ਤੱਕ ਕਿ 21 ਨੌਜਵਾਨ ਇਕੱਲੇ ਇੱਕ ਪਰਿਵਾਰ ਵਿਚੋਂ ਹੀ ਹਨ।
ਜਾਣਕਾਰੀ ਅਨੁਸਾਰ ਪਿੰਡ ਕੈਲ ਦੇ ਕਰੀਬ 72 ਬੱਚੇ ਵੱਖ-ਵੱਖ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ ਜਾਂ ਕੰਮ ਕਰ ਰਹੇ ਹਨ। ਅਮਰੀਕਾ ਤੋਂ ਗ਼ੈਰ-ਕਾਨੂੰਨੀ ਭਾਰਤੀਆਂ ਦੇ ਡਿਪੋਰਟ ਦੀ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਬੇਚੈਨੀ ਹੈ। ਹਰ ਕੋਈ ਭਾਰਤ ਸਰਕਾਰ ਨੂੰ ਕੋਸ ਰਿਹਾ ਹੈ ਅਤੇ ਅਮਰੀਕੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਪਿੰਡ ਕੈਲ ਵਿੱਚੋਂ ਪਰਿਵਾਰਾਂ ਅਤੇ ਵਿਦੇਸ਼ ਵਿੱਚ ਪੜ੍ਹ ਰਹੇ ਉਨ੍ਹਾਂ ਦੇ ਨੌਜਵਾਨ ਧੀਆਂ-ਪੁੱਤਾਂ ਦਾ ਦਰਦ ਸਭ ਦੇ ਸਾਹਮਣੇ ਆਇਆ ਹੈ।
''ਕੇਂਦਰ ਸਰਕਾਰ ਜ਼ਿੰਮੇਵਾਰੀ ਲਵੇ''
ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਵਾਲੇ ਕਰਮਵੀਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਹੁਣ ਉਨ੍ਹਾਂ ਨੌਜਵਾਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਜੋ ਆਪਣੀ ਜ਼ਮੀਨ ਵੇਚ ਕੇ ਵਿਦੇਸ਼ ਗਏ ਹਨ। ਅਮਰੀਕਾ ਤੋਂ ਛੁੱਟੀਆਂ ਮਨਾ ਕੇ ਘਰ ਪਰਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਹੁਣ ਇਹ ਬੱਚੇ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਪਹਿਲਾਂ ਬੱਚਿਆਂ ਦੇ ਹੁਨਰ ਵੱਲ ਧਿਆਨ ਦਿੱਤਾ ਜਾਂਦਾ ਤਾਂ ਸ਼ਾਇਦ ਇਹ ਨੌਜਵਾਨ ਵਿਦੇਸ਼ ਨਾ ਜਾਂਦੇ। ਉਸ ਨੇ ਇਸ ਲਈ ਸਿਸਟਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਨੌਜਵਾਨਾਂ ਨੂੰ 'ਡੌਂਕੀ' ਰਸਤੇ ਨਾ ਜਾਣ ਦੀ ਅਪੀਲ
ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਹੁਣ ਇਹ ਨੌਜਵਾਨ 4 ਤੋਂ 5 ਸਾਲ ਤੱਕ ਯੂਰਪ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਜਾ ਸਕਦੇ ਹਨ। ਸਾਹਬ ਸਿੰਘ, ਜਿਸ ਦਾ ਲੜਕਾ ਕੁਝ ਦਿਨ ਪਹਿਲਾਂ ਨਿਊਜ਼ੀਲੈਂਡ ਗਿਆ ਸੀ, ਨੇ ਕਿਹਾ ਕਿ ਕਿਸੇ ਵੀ ਨੌਜਵਾਨ ਨੂੰ 'ਡੌਂਕੀ' ਦੇ ਰਸਤੇ ਵਿਦੇਸ਼ ਨਹੀਂ ਜਾਣਾ ਚਾਹੀਦਾ। ਕਿਉਂਕਿ ਇਸ ਵਿੱਚ ਜੋਖਮ ਅਤੇ ਵਿੱਤੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨਾਂ ਨੇ ਆਪਣੀ ਜ਼ਮੀਨ ਵੇਚ ਦਿੱਤੀ ਹੈ ਅਤੇ ਇਹ ਉਨ੍ਹਾਂ ਨਾਲ ਸਰਾਸਰ ਗਲਤ ਹੈ, ਸਰਕਾਰ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ।
ਏਜੰਟਾਂ ਖਿਲਾਫ਼ ਕੀਤੀ ਜਾਵੇ ਸਖਤ ਕਾਰਵਾਈ
ਰਣਧੀਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਢਾਹ ਲੱਗੀ ਹੈ, ਜੋ ਆਪਣੇ ਆਪ ਨੂੰ ਵਿਸ਼ਵ ਗੁਰੂ ਅਖਵਾਉਂਦੇ ਸਨ, ਅੱਜ ਉਨ੍ਹਾਂ ਨੌਜਵਾਨਾਂ ਨੂੰ ਬੰਦੀ ਬਣਾ ਕੇ ਭਾਰਤ ਲਿਆਂਦਾ ਗਿਆ ਹੈ। ਇੱਥੋਂ ਤੱਕ ਕਿ ਕੋਲੰਬੀਆ ਨੇ ਵੀ ਅਮਰੀਕੀ ਜਹਾਜ਼ ਨੂੰ ਇੱਥੇ ਉਤਰਨ ਨਹੀਂ ਦਿੱਤਾ। ਹੁਣ ਸਰਕਾਰ ਨੂੰ ਇਹਨਾਂ ਨੌਜਵਾਨਾਂ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ ਜਾਂ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਪਿੰਡ ਕੈਲ ਨੂੰ ਬਜ਼ੁਰਗਾਂ ਦਾ ਪਿੰਡ ਕਿਹਾ ਜਾਂਦਾ ਹੈ ਕਿਉਂਕਿ ਇੱਥੋਂ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ ਗਏ ਹੋਏ ਹਨ। ਇਥੋਂ ਇੱਕ ਹੀ ਪਰਿਵਾਰ ਦੇ 21 ਨੌਜਵਾਨ ਵੱਖ-ਵੱਖ ਦੇਸ਼ਾਂ ਵਿੱਚ ਗਏ ਹਨ। ਅਜਿਹੇ 'ਚ ਇੱਥੇ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਪ੍ਰੇਰਿਤ ਕਰਦੇ ਹਨ। ਪਰ ਹੁਣ ਕੁਝ ਹੱਦ ਤੱਕ ਇਹ ਲੋਕ ਅਮਰੀਕਾ ਵੱਲੋਂ ਚੁੱਕੇ ਗਏ ਕਦਮਾਂ ਤੋਂ ਵੀ ਡਰੇ ਹੋਏ ਹਨ।
- PTC NEWS