ਆਖਿਰ ਕੌਣ ਹੈ ਗੁਰਦੇਵ ਸਿੰਘ ਕਾਉਂਕੇ? ਜੋ ਮਰਨ ਪਿੱਛੋਂ ਵੀ ਹੈ ਪੰਜਾਬ ਪੁਲਿਸ ਦਾ ਭਗੌੜਾ, ਪੜ੍ਹੋ ਕਿਵੇਂ ਜਨਤਕ ਹੋਈ ਰਿਪੋਰਟ
ਗੁਰਦੇਵ ਸਿੰਘ ਕਾਉਂਕੇ ਦੀ ਪੁਲਿਸ ਹਿਰਾਸਤ 'ਚ ਗੁੰਮਸ਼ੁਦਗੀ ਜਾਂ ਕਥਿਤ ਤੌਰ 'ਤੇ ਕਤਲ ਦੀ ਰਿਪੋਰਟ ਆਖਿਰ ਹੁਣ ਤਿੰਨ ਦਹਾਕਿਆਂ ਬਾਅਦ ਜਨਤਕ ਹੋਈ ਹੈ। ਗੁਰਦੇਵ ਸਿੰਘ ਕਾਉਂਕੇ ਦੀ ਮੌਤ ਦਾ ਮਾਮਲਾ 1992 ਦਾ ਹੈ, ਜਿਸ ਦੀ ਰਿਪੋਰਟ ਤੋਂ ਬੀਤੇ ਦਿਨ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸਥਾਪਤ ਕੀਤੇ ਗਏ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਪਰਦਾ ਚੁੱਕਿਆ ਹੈ। ਰਿਪੋਰਟ ਜਨਤਕ ਹੋਣ ਤੋਂ ਬਾਅਦ ਇੱਕ ਵਾਰ ਮੁੜ 30 ਸਾਲਾਂ ਬਾਅਦ ਇਹ ਮਾਮਲਾ ਭਖ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਘਬੀਰ ਸਿੰਘ ਨੇ ਵੀ ਇਸ ਕਤਲ ਨੂੰ ਸਿੱਖ ਨੌਜਵਾਨਾਂ ਦੀ ਹੋਈ ਸਰਕਾਰੀ ਨਸਲਕੁਸ਼ੀ ਦੀ ਬੇਹੱਦ ਘਿਨਾਉਣੀ ਮਿਸਾਲ ਕਰਾਰ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੀ ਮੰਗ ਕੀਤੀ ਹੈ।
ਕੌਣ ਸਨ ਗੁਰਦੇਵ ਸਿੰਘ ਕਾਉਂਕੇ
ਗੁਰਦੇਵ ਸਿੰਘ ਕਾਉਂਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸਨ, ਜੋ ਅੱਜ ਵੀ ਕਾਗਜ਼ਾਂ ਵਿੱਚ ਪੰਜਾਬ ਪੁਲਿਸ ਲਈ ਭਗੌੜਾ ਹਨ। ਗੁਰਦੇਵ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੀ ਜਗਰਾਓਂ ਸਬ-ਡਵੀਜ਼ਨ ਦੇ ਪਿੰਡ ਕਾਉਂਕੇ ਕਲਾਂ ਵਿਖੇ ਹੋਇਆ।
ਸਾਲ 1986 ਵਿੱਚ ਸ੍ਰੀ ਅਕਾਲ ਤਖ਼ਤ ’ਤੇ ਸਰਬੱਤ ਖਾਲਸਾ ਬੁਲਾ ਕੇ ਵੱਖਵਾਦੀ ਸਿੱਖ ਆਗੂ ਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ ਸੀ। ਪਰ ਜਸਬੀਰ ਸਿੰਘ ਰੋਡੇ ਉਸ ਸਮੇਂ ਜੇਲ੍ਹ ਵਿੱਚ ਹੋਣ ਕਾਰਨ ਗੁਰਦੇਵ ਸਿੰਘ ਕਾਉਂਕੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਬਣੇ ਸਨ ਤੇ ਬਾਅਦ ਵਿੱਚ ਰੋਡੇ ਨੇ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਅਹੁਦਾ ਸੰਭਾਲ ਲਿਆ ਸੀ।
ਮਾਮਲੇ ਦਾ 3 ਦਹਾਕੇ ਤੱਕ ਦੱਬੇ ਰਹਿਣਾ ਬਦਕਿਸਮਤੀ
ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ ਜਨਤਕ ਕੀਤੀ ਗਈ ਇਸ ਰਿਪੋਰਟ ਵਿੱਚ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ। ਇਹ ਰਿਪੋਰਟ ਪਹਿਲਾਂ ਜੁਲਾਈ 1999 ਵਿੱਚ ਪੰਜਾਬ ਸਰਕਾਰ ਨੂੰ ਸੌਂਪੀ ਗਈ ਸੀ। ਉਪਰੰਤ ਕਾਉਂਕੇ ਦੀ ਨਿਆਂਇਕ ਹਿਰਾਸਤ 'ਚ ਕਤਲ ਦੇ ਦੋਸ਼ਾਂ ਤੋਂ ਪਿੱਛੋਂ 1998 ਵਿੱਚ ਪੰਜਾਬ ਸਰਕਾਰ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ, ਜਿਸ ਦੀ ਜਾਂਚ ਉਸ ਵੇਲੇ ਏਡੀਜੀਪੀ (ਸੁਰੱਖਿਆ) ਬੀਪੀ ਤਿਵਾੜੀ ਵੱਲੋਂ ਕੀਤੀ ਗਈ ਸੀ।
ਰਿਪੋਰਟ ਬਾਰੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਹੈ ਕਿ ਤਿੰਨ ਦਹਾਕਿਆਂ ਦੌਰਾਨ ਨਾ ਕਾਉਂਕੇ ਦੇ ਮਾਮਲੇ ਦੀ ਜਾਂਚ ਰਿਪੋਰਟ 'ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਗਿਆ। ਉਨ੍ਹਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ’ਚ ਪੰਜਾਬ ਸਰਕਾਰ ਕੋਲੋਂ ਕਾਰਵਾਈ ਕਰਵਾਉਣ ਤਾਂ ਜੋ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲ ਸਕੇ।
ਰਿਪੋਰਟ ਨੇ ਪੁਲਿਸ ਦੇ ਦਾਅਵਿਆਂ 'ਤੇ ਖੜੇ ਕੀਤੇ ਸਵਾਲ
ਸਾਲ 1999 ਵਿੱਚ ਪੰਜਾਬ ਪੁਲਿਸ ਵਲੋਂ ਕੀਤੀ ਗਈ ਜਾਂਚ ਰਿਪੋਰਟ ਨੇ ਨਾ ਸਿਰਫ ਪੁਲਿਸ ਦੇ ਦਾਅਵਿਆਂ 'ਤੇ ਸਵਾਲ ਖੜੇ ਕੀਤੇ ਹਨ, ਸਗੋਂ ਲੁਧਿਆਣਾ ਦਿਹਾਤੀ ਪੁਲਿਸ (ਪੁਲਿਸ ਜ਼ਿਲ੍ਹਾ ਜਗਰਾਓਂ) ਦੇ ਉਸ ਦਾਅਵੇ ਨੂੰ ਵੀ ਝੂਠਾ ਦੱਸਿਆ ਹੈ ਕਿ ਗੁਰਦੇਵ ਸਿੰਘ ਹਿਰਾਸਤ ਤੋਂ ਫਰਾਰ ਹੋ ਗਿਆ ਸੀ। ਜਾਂਚ ਵਿੱਚ ਪੁਲਿਸ ਵਲੋਂ ਗੁਰਦੇਵ ਸਿੰਘ ਨੂੰ ਮਾਰ ਕੁੱਟ ਕਰਕੇ ਮਾਰਨ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਸੀ, ਜਿਸ ਕਾਰਨ ਕਥਿਤ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਝੂਠੇ ਰਿਕਾਰਡ ਲਈ ਤਤਕਾਲੀ ਐਸਐਚਓ ਗੁਰਮੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਅਤੇ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਵੀ ਸਿਫਾਰਿਸ਼ ਕੀਤੀ ਗਈ ਸੀ।
ਪੁਲਿਸ ਵੱਲੋਂ ਕੀਤੇ ਗਏ ਸਨ ਇਹ ਦਾਅਵੇ
ਮਾਮਲੇ 'ਚ ਇਲਜ਼ਾਮਾਂ ਅਨੁਸਾਰ ਜਗਰਾਉਂ ਪੁਲਿਸ ਨੇ ਗੁਰਦੇਵ ਸਿੰਘ ਕਾਉਂਕੇ ਨੂੰ ਪਹਿਲਾਂ 20 ਦਸੰਬਰ 1992 ਨੂੰ ਘਰੋਂ ਚੁੱਕਿਆ, ਪਰ ਪੋਤੇ ਦੀ ਮੌਤ ਹੋਣ ਕਾਰਨ ਪਿੰਡ ਵਾਸੀਆਂ ਦੀ ਬੇਨਤੀ 'ਤੇ ਛੱਡ ਦਿੱਤਾ ਗਿਆ। ਫਿਰ ਤਤਕਾਲੀ ਐੱਸਐੱਚਓ ਜਗਰਾਉਂ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ 25 ਦਸੰਬਰ ਨੂੰ ਮੁੜ ਗ੍ਰਿਫਤਾਰ ਕਰ ਲਿਆ ਸੀ। ਪਰ ਜਗਰਾਉਂ ਪੁਲਿਸ ਨੇ ਦੱਸਿਆ ਸੀ ਕਿ ਕਾਉਂਕੇ ਨੂੰ 2 ਜਨਵਰੀ 1993 ਨੂੰ ਇੱਕ ਕਥਿਤ ਕਤਲ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਪਿੰਡ ਕੰਨੀਆ ਤੋਂ ਹਿਰਾਸਤ ਵਿਚੋਂ ਭੱਜ ਗਿਆ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਕਾਉਂਕੇ ਨੂੰ ਖਾੜਕੂ ਲਹਿਰ ਬਾਰੇ ਪੁੱਛਗਿਛ ਲਈ ਲੈ ਕੇ ਆਈ ਸੀ।
ਬੀਪੀ ਤਿਵਾੜੀ ਦੀ ਜਾਂਚ ਰਿਪੋਰਟ 'ਚ ਇਹ ਤੱਥ ਆਏ ਸਾਹਮਣੇ
ਏਡੀਜੀਪੀ ਬੀ.ਪੀ. ਤਿਵਾੜੀ ਵੱਲੋਂ ਆਪਣੀ ਜਾਂਚ ਰਿਪੋਰਟ ਵਿੱਚ ਲਿਖਿਆ ਹੈ, “ਸਾਰੇ ਹਾਲਾਤ ਨੂੰ ਦੇਖਦੇ ਹੋਏ ਸਪੱਸ਼ਟ ਹੁੰਦਾ ਹੈ ਕਿ ਤਤਕਾਲੀ ਐਸਐਚਓ ਅਤੇ ਹੁਣ ਡੀਐਸਪੀ ਗੁਰਮੀਤ ਸਿੰਘ ਵੱਲੋਂ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਨੂੰ ਉਸ ਦੇ ਘਰੋਂ ਚੁੱਕਿਆ ਗਿਆ, ਜੋ ਕਿ ਮੁੜ ਕੇ ਵਾਪਸ ਨਹੀਂ ਆਇਆ।’’ ਨਾਲ ਹੀ ਕਿਹਾ ਗਿਆ, ‘‘ਇਹ ਗੱਲ ਵਿਸ਼ਵਾਸਯੋਗ ਨਹੀਂ ਹੈ ਕਿ ਗੁਰਦੇਵ ਸਿੰਘ ਕਾਉਂਕੇ ਨੂੰ 2 ਜਨਵਰੀ, 1993 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਪਿੰਡ ਕੰਨੀਆਂ ਦੀ ਹੱਦ ਉਤੇ ਪੁਲਿਸ ਹਿਰਾਸਤ ਵਿਚੋਂ ਭੱਜ ਗਏ ਸਨ।’’
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ, “ਸਾਰੇ ਬਿਆਨਾਂ ਦੀ ਘੋਖ ਕਰਨ ਤੋਂ ਬਾਅਦ ਲੱਗਦਾ ਹੈ ਕਿ ਕਾਉਂਕੇ ਨੂੰ ਪੁਲਿਸ ਹਿਰਾਸਤ ਵਿੱਚ ਰੱਖ ਕੇ ਝੂਠਾ ਕੇਸ ਬਣਾਉਣ ਦੀ ਕਹਾਣੀ ਦਾ ਸਾਰੇ ਛੋਟੇ ਅਤੇ ਵੱਡੇ ਅਫਸਰਾਂ ਨੂੰ ਪਤਾ ਸੀ। ਪਰ ਉਸ ਸਮੇਂ ਪੁਲਿਸ ਦਾ ਜੋ ਮਾਹੌਲ ਸੀ, ਉਸ ਤੋਂ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਅਧਿਕਾਰੀ ਜਾਂ ਤਾਂ ਜ਼ਿਮਨੀਆਂ ਲਿਖਦੇ ਹੀ ਨਹੀਂ ਸਨ ਜਾਂ ਛੋਟੇ ਅਫਸਰਾਂ ਵੱਲੋਂ ਲਿਖੀ ਜ਼ਿਮਨੀ 'ਤੇ ਬਿਨਾਂ ਪੜੇ ਹੀ ਦਸਤਖਤ ਕਰਦੇ ਰਹੇ ਸਨ।’’
-