ਫਿਰੋਜ਼ਪੁਰ ’ਚ ਮਹਿਲਾ ਨੂੰ ਸਾੜਿਆ ਜਿੰਦਾ ! ਸਹੁਰੇ ਪਰਿਵਾਰ ’ਤੇ ਲੱਗੇ ਸਾੜਨ ਦੇ ਇਲਜ਼ਾਮ
Ferozepur News : ਫਿਰੋਜ਼ਪੁਰ ’ਚ ਇੱਕ ਵਿਆਹੁਤਾ ਨੂੰ ਜਿੰਦਾ ਸਾੜ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੀੜਤਾ ਦੇ ਸਹੁਰੇ ਪਰਿਵਾਰ ’ਤੇ ਮਹਿਲਾ ਨੂੰ ਸਾੜਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਫਿਰੋਜ਼ਪੁਰ ਦੇ ਪਿੰਡ ਰੁਕਣਾ ਮੁਗਲਾਂ ਤੀਰ ਰਹਿਣ ਵਾਲੀ ਕਾਜਲ ਦਾ ਵਿਆਹ ਨੂਰਪੁਰ ਸੇਠਾਂ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨਾਲ ਚਾਰ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਅਕਸਰ ਹੀ ਕਾਜਲ ਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ।
ਮ੍ਰਿਤਕਾ ਕਾਜਲ ਦੇ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਸਹੁਰੇ ਪਰਿਵਾਰ ਉਸ ਨੂੰ ਅਕਸਰ ਹੀ ਤੰਗ ਪਰੇਸ਼ਾਨ ਕਰਦੇ ਸੀ ਅਤੇ ਉਹਨਾਂ ਵੱਲੋਂ ਕਾਜਲ ਨੂੰ ਜਿੰਦਾ ਸਾੜ ਦਿੱਤਾ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕਾਜਲ ਨੂੰ ਉਸ ਦੇ ਸਹੁਰੇ ਵਾਲੇ ਅਕਸਰ ਹੀ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਕਰੀਬ ਪੰਜ ਦਿਨ ਪਹਿਲਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਉਨ੍ਹਾਂ ਦੀ ਲੜਕੀ ਹਸਪਤਾਲ ਵਿੱਚ ਦਾਖਲ ਹੈ ਜਦੋਂ ਉਨ੍ਹਾਂ ਨੇ ਪਹੁੰਚ ਕੇ ਦੇਖਿਆ ਤਾਂ ਕਾਜਲ ਬੁਰੀ ਤਰ੍ਹਾਂ ਸੜੀ ਹੋਈ ਸੀ ਅਤੇ ਕੁਝ ਵੀ ਨਹੀਂ ਬੋਲ ਪਾ ਰਹੀ ਸੀ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਸਹੁਰੇ ਪਰਿਵਾਰ ਵੱਲੋਂ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹਨਾਂ ਦੀ ਲੜਕੀ ਨਾਲ ਕੀ ਹਾਦਸਾ ਹੋਇਆ ਅਤੇ ਜਦ ਉਹ ਆਪਣੀ ਲੜਕੀ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਵਿਖੇ ਪਹੁੰਚੇ ਤਾਂ ਸਹੁਰਾ ਪਰਿਵਾਰ ਉੱਥੇ ਹੀ ਖਿਸਕ ਗਿਆ ਕੁਝ ਦਿਨ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਕਾਜਲ ਜਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ ਅਤੇ ਫੇਰ ਕਾਜਲ ਨੇ ਹਸਪਤਾਲ ਵਿੱਚ ਹੀ ਦਮ ਤੋੜ ਦਿੱਤਾ। ਕਾਜਲ ਦੀ ਦੋ ਸਾਲ ਦੀ ਇੱਕ ਬੱਚੀ ਵੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉੱਥੇ ਹੀ ਪੁਲਿਸ ਵੱਲੋਂ ਹੁਣ ਇਸ ਸਬੰਧ ਵਿੱਚ ਸਹੁਰੇ ਪਰਿਵਾਰ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਆਰੋਪੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਹੁਣ ਇਹ ਦੇਖਣਾ ਹੋਵੇਗਾ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ ਜਾਂ ਇਸੇ ਤਰ੍ਹਾਂ ਹੀ ਦਫਤਰਾਂ ਦੇ ਚੱਕਰ ਲਗਾਉਣੇ ਪੈਣਗੇ।
- PTC NEWS