World Health Day 2024: ਅੱਜ ਮਨਾਇਆ ਜਾ ਰਿਹਾ ਹੈ 'ਵਿਸ਼ਵ ਸਿਹਤ ਦਿਵਸ', ਇਸ ਮੌਕੇ ਜਾਣੋ ਸਿਹਤਮੰਦ ਰਹਿਣ ਦੇ ਨੁਸਖੇ
World Health Day 2024: ਅੱਜਕਲ੍ਹ ਦੀ ਅਸੰਗਤ ਜੀਵਨ ਸ਼ੈਲੀ ਵਧਦੀਆਂ ਸਿਹਤ ਸੰਬੰਧੀ ਸਮੱਸਿਆਵਾਂ 'ਚ ਵੱਡੀ ਭੂਮਿਕਾ ਨਿਭਾਉਂਦੀ ਹੈ। ਜੋ ਸਿੱਧੇ ਤੌਰ 'ਤੇ ਗੈਰ-ਸੰਚਾਰੀ ਬਿਮਾਰੀਆਂ, ਜਿਵੇਂ ਕਿ ਸ਼ੂਗਰ, ਹਾਈਪਰਟੈਨਸ਼ਨ ਅਤੇ ਕੁਝ ਕੈਂਸਰਾਂ ਦੇ ਜੋਖਮ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਖੁਰਾਕ ਦੇ ਨਾਲ-ਨਾਲ ਵਾਤਾਵਰਣ ਦੇ ਕਾਰਕ ਵੀ ਇਸ ਲਈ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਡਾਇਬੀਟੀਜ਼ ਅਤੇ ਹਾਈਪਰਟੈਨਸ਼ਨ ਦਾ ਇੱਕ ਵੱਡਾ ਕਾਰਨ ਸਰੀਰਕ ਅਕਿਰਿਆਸ਼ੀਲਤਾ ਵੀ ਹੈ।
ਮੋਟਾਪੇ ਨਾਲ ਜੂਝ ਰਹੀ ਜ਼ਿੰਦਗੀ
ਜਿਵੇ ਤੁਸੀਂ ਜਾਣਦੇ ਹੋ ਕਿ ਕੰਮ ਵਾਲੀ ਥਾਂ 'ਤੇ ਲਗਾਤਾਰ ਕਈ ਘੰਟੇ ਬੈਠਣਾ, ਲੋੜੀਂਦੀ ਸਰੀਰਕ ਮਿਹਨਤ ਨਾ ਹੋਣਾ ਅਤੇ ਖਾਣ-ਪੀਣ ਦੀਆਂ ਆਦਤਾਂ 'ਚ ਅਸੰਤੁਲਨ ਵਰਗੇ ਕਾਰਨਾਂ ਕਰਕੇ ਲੋਕ ਤੇਜ਼ੀ ਨਾਲ ਮੋਟਾਪੇ ਦੀ ਲਪੇਟ 'ਚ ਆ ਰਹੇ ਹਨ। ਇਸ ਲਈ ਬਿਮਾਰੀਆਂ ਦਾ ਸਿੱਧਾ ਸਬੰਧ ਮੋਟਾਪੇ ਨਾਲ ਹੈ। ਦੱਸ ਦਈਏ ਕਿ ਭਾਵੇਂ ਮੋਟਾਪਾ ਨਾ ਹੋਵੇ ਪਰ ਜੀਵਨ ਸ਼ੈਲੀ 'ਚ ਢਿੱਲ-ਮੱਠ ਹੋਵੇ ਤਾਂ ਸ਼ੂਗਰ ਦੀ ਸੰਭਾਵਨਾ ਰਹਿੰਦੀ ਹੈ। ਚਰਬੀ ਜਾਂ ਗੰਦਾ ਭੋਜਨ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਮਾੜੀ ਜੀਵਨ ਸ਼ੈਲੀ ਕਾਰਨ ਕਈ ਛੂਤ ਦੀਆਂ ਬੀਮਾਰੀਆਂ ਵੀ ਭਿਆਨਕ ਰੂਪ ਧਾਰਨ ਕਰ ਰਹੀਆਂ ਹਨ। ਪੂਰੀ ਨੀਂਦ ਅਤੇ ਇਕਾਗਰਤਾ ਨਾ ਹੋਣ ਜਾਂ ਸ਼ਰਾਬ ਪੀਣ ਕਾਰਨ ਹਾਦਸੇ ਵਾਪਰ ਰਹੇ ਹਨ। ਕੁੱਲ ਮਿਲਾ ਕੇ ਅਸੰਗਤ ਜੀਵਨ ਸ਼ੈਲੀ ਹਰ ਪੱਖੋਂ ਨੁਕਸਾਨਦੇਹ ਸਾਬਤ ਹੋ ਰਹੀ ਹੈ।
ਜੋੜਾਂ ਦੇ ਦਰਦ 'ਚ ਵਾਧਾ
ਲੋੜੀਂਦੀ ਗਤੀਵਿਧੀ ਦੀ ਕਮੀ ਅਤੇ ਬੇਕਾਬੂ ਭਾਰ ਕਾਰਨ ਹੁਣ ਛੋਟੀ ਉਮਰ 'ਚ ਵੀ ਜੋੜਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਵੈਸੇ ਤਾਂ ਇਹ ਸਮੱਸਿਆਵਾਂ ਵਧਦੀ ਉਮਰ ਦੇ ਨਾਲ ਹੁੰਦੀਆਂ ਹਨ। ਗਠੀਏ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ 'ਚ ਜੋੜਾਂ 'ਚ ਤੇਜ਼ ਦਰਦ ਮਹਿਸੂਸ ਹੁੰਦਾ ਹੈ। ਗੋਡਿਆਂ ਦੇ ਦਰਦ ਦੀ ਸਮੱਸਿਆ ਇੱਕ ਖਾਸ ਉਮਰ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਇਸ 'ਚ ਜੋੜਾਂ 'ਚ ਹੱਡੀਆਂ ਵਿਚਕਾਰ ਦਬਾਅ ਵੱਧ ਜਾਂਦਾ ਹੈ। ਇਸ ਨੂੰ ਓਸਟੀਓਆਰਥਾਈਟਿਸ ਕਿਹਾ ਜਾਂਦਾ ਹੈ, ਜਿਸ 'ਚ ਜੋੜਾਂ 'ਚ ਤਰਲ ਦੀ ਕਮੀ ਹੁੰਦੀ ਹੈ। ਗਠੀਏ ਕਾਰਨ ਤੁਰਨ-ਫਿਰਨ 'ਚ ਦਿੱਕਤ ਆਉਂਦੀ ਹੈ। ਉਂਗਲਾਂ ਅਤੇ ਮੋਢਿਆਂ 'ਚ ਦਰਦ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ। ਇਹ ਵਧੀ ਹੋਈ ਸੋਜ ਕਾਰਨ ਵਾਪਰਦਾ ਹੈ, ਮੋਟਾਪਾ ਗੋਡਿਆਂ ਦੇ ਦਰਦ ਦਾ ਵੱਡਾ ਕਾਰਨ ਹੈ। ਭਾਰ ਵਧਣ ਨਾਲ ਹੱਡੀਆਂ 'ਤੇ ਦਬਾਅ ਵਧ ਜਾਂਦਾ ਹੈ। ਇਹ ਸਭ ਮਾੜੀ ਜੀਵਨ ਸ਼ੈਲੀ ਦੇ ਉਤਪਾਦ ਹਨ।
ਸਿਹਤਮੰਦ ਰਹਿਣ ਦੇ ਨੁਸਖੇ
ਚੰਗੀ ਖੁਰਾਕ
ਤੁਹਾਡਾ ਭੋਜਨ ਹਮੇਸ਼ਾ ਸੰਤੁਲਿਤ ਹੋਣਾ ਚਾਹੀਦਾ ਹੈ। ਕਿਉਂਕਿ ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲਾਂ 'ਚ ਪੌਸ਼ਟਿਕ ਤੱਤ ਪਾਏ ਜਾਣਦੇ ਹਨ, ਦੱਸ ਦਈਏ ਕਿ ਸਰੀਰ 'ਚ ਵਿਟਾਮਿਨ ਫਲਾਂ ਰਾਹੀਂ ਭਰੇ ਜਾਣਦੇ ਹਨ। ਨਾਲ ਹੀ ਤੁਹਾਨੂੰ ਫਾਈਬਰ ਨਾਲ ਭਰਪੂਰ ਭੋਜਨ ਦਾ ਸੇਵਨ ਵੀ ਜ਼ਰੂਰੀ ਕਰਨਾ ਚਾਹੀਦਾ ਹੈ। ਕਿਉਂਕਿ ਪੇਟ ਸਾਫ਼ ਨਾ ਹੋਣ ਕਾਰਨ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਚੰਗੀ ਸਿਹਤ ਲਈ ਖੁਰਾਕ ਬਿਲਕੁਲ ਸਹੀ ਹੋਣੀ ਚਾਹੀਦੀ ਹੈ।
ਕਾਫ਼ੀ ਨੀਂਦ
ਚੰਗੀ ਸਿਹਤ ਲਈ ਲੋੜੀਂਦੀ ਅਤੇ ਮਿਆਰੀ ਨੀਂਦ ਜ਼ਰੂਰੀ ਹੈ। ਮਾਹਿਰਾਂ ਮੁਤਾਬਲ ਘੱਟੋ-ਘੱਟ ਛੇ ਤੋਂ ਸੱਤ ਘੰਟੇ ਸੌਣਾ ਜ਼ਰੂਰੀ ਹੈ। ਜੇਕਰ ਨੀਂਦ ਖ਼ਰਾਬ ਹੁੰਦੀ ਹੈ, ਤਾਂ ਇਸ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਧ ਸਕਦੀ ਹੈ। ਜੇਕਰ ਇਹ ਪਹਿਲਾਂ ਹੀ ਮੌਜੂਦ ਹੈ ਤਾਂ ਇਹ ਕਾਬੂ ਤੋਂ ਬਾਹਰ ਜਾ ਸਕਦਾ ਹੈ, ਇਸ ਲਈ ਨੀਂਦ ਨਾਲ ਸਮਝੌਤਾ ਨਾ ਕਰੋ।
ਸਰੀਰਕ ਮਿਹਨਤ
ਸਿਹਤਮੰਦ ਸਰੀਰ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਦੱਸ ਦਈਏ ਕਿ ਜੇਕਰ ਆਰਾਮਦਾਇਕ ਜੀਵਨ ਸ਼ੈਲੀ ਹੋਵੇ ਤਾਂ ਬਿਮਾਰੀਆਂ ਦਾ ਹੋਣਾ ਤੈਅ ਹੈ। ਕਿਉਂਕਿ ਅੱਜਕੱਲ੍ਹ ਲੋਕਾਂ ਨੇ ਸਾਈਕਲ ਚਲਾਉਣਾ ਜਾਂ ਪੈਦਲ ਜਾਣਾ ਛੱਡ ਦਿੱਤਾ ਹੈ। ਇਸ ਕਾਰਨ ਮੁਸ਼ਕਲਾਂ ਵਧ ਰਹੀਆਂ ਹਨ। ਹਰ ਰੋਜ਼ ਘੱਟੋ-ਘੱਟ 30 ਮਿੰਟ ਦੀ ਤੇਜ਼ ਸੈਰ ਕਰਨੀ ਜ਼ਰੂਰੀ ਹੈ। ਕਸਰਤ ਕਰਦੇ ਰਹਿਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚੋਗੇ।
ਯੋਗਾ
ਮਾਹਿਰਾਂ ਮੁਤਾਬਕ ਯੋਗਾ ਇਕਾਗਰਤਾ ਵਧਾਉਂਦਾ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ ਅਤੇ ਸਰੀਰ ਸਰੀਰਕ ਅਤੇ ਮਾਨਸਿਕ ਗਤੀਵਿਧੀਆਂ ਲਈ ਪੂਰੀ ਤਰ੍ਹਾਂ ਤਿਆਰ ਰਹਿੰਦਾ ਹੈ। ਯੋਗਾ ਇੱਕ ਸਿਹਤਮੰਦ ਅਤੇ ਤੰਦਰੁਸਤ ਸਰੀਰ ਦੀ ਨੀਂਹ ਰੱਖਣ ਲਈ ਸਭ ਤੋਂ ਸਾਬਤ ਹੋਇਆ ਅਤੇ ਸਭ ਤੋਂ ਪੁਰਾਣਾ ਫਾਰਮੂਲਾ ਹੈ। ਅਜਿਹੇ 'ਚ ਜੇਕਰ ਇਨ੍ਹਾਂ ਚਾਰ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜੇ ਬਿਮਾਰੀਆਂ ਹਨ, ਤਾਂ ਉਹ ਉਸੇ ਅਨੁਪਾਤ 'ਚ ਨਹੀਂ ਹੋਣਗੀਆਂ ਜਿਵੇਂ ਕਿ ਹੁਣ ਹੋ ਰਹੀਆਂ ਹਨ।
ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
-