Amritsar News : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ‘ਵਜ਼ੂ’ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ
Amritsar News : ਅੰਮ੍ਰਿਤਸਰ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਕਿਨਾਰੇ ਬੈਠੇ ਇੱਕ ਨੌਜਵਾਨ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਮਾਮਲਾ ਕਾਫੀ ਭਖ ਗਿਆ ਹੈ। ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਬੈਠਾ ਹੈ ਅਤੇ ਸਰੋਵਰ ਵਿੱਚੋਂ ਹੱਥ ਨਾਲ ਪਾਣੀ ਚੁੱਕਦਾ ਹੈ, ਜਿਸ ਬਾਰੇ ਉਸ ਦੀ ਗਤੀਵਿਧੀ ਸ਼ੱਕੀ ਜਾਪਦੀ ਹੈ। ਇਹ ਮਾਮਲਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਪਹੁੰਚ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮਾਨ ਨੇ ਵੀਡੀਓ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਕੁਲਵੰਤ ਮੰਨਣ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਵੀਡੀਓ ਬਾਰੇ ਵੀ ਜਾਂਚ ਕਰਵਾਈ ਜਾਵੇਗੀ ਕਿ ਇਹ ਅਸਲੀ ਹੈ ਜਾਂ ਫਿਰ ਏਆਈ ਰਾਹੀਂ ਬਣਾਈ ਗਈ। ਮੁੱਖ ਸਕਤਰ ਦਾ ਕਹਿਣਾ ਸੀ ਕਿ ਉਹ ਇਹ ਵੀ ਜਾਂਚ ਕਰਨਗੇ ਕਿ ਉਸ ਮੌਕੇ ਜੇ ਸੇਵਾਦਾਰ ਦੀ ਡਿਊਟੀ ਸੀ ਤਾਂ ਕਿਵੇਂ ਉਸ ਦਾ ਧਿਆਨ ਨਹੀਂ ਪਿਆ, ਜਿਸ ਕਰਕੇ ਅਜਿਹਾ ਹੋਇਆ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਨੇ ਕਿਹਾ ਕਿ ਬਚਪਨ ਤੋਂ ਹੀ ਉਹ ਸ੍ਰੀ ਦਰਬਾਰ ਸਾਹਿਬ ਜਾਣਾ ਚਾਹੁੰਦਾ ਸੀ ਅਤੇ ਉਸ ਨੇ ਕਿਹਾ ਕਿ ਉਸ ਵੱਲੋਂ ਪਵਿੱਤਰ ਸਰੋਵਰ 'ਚ ‘ਵਜ਼ੂ’ ਕੀਤਾ ਗਿਆ। ਉਸਨੇ ਕਿਹਾ ਕਿ ਮੈਨੂੰ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਦੇ ਬਾਰੇ ਜਾਣਕਾਰੀ ਨਹੀਂ ਸੀ। ਮੈਂ ਸਾਰੇ ਸਿੱਖ ਭਰਾਵਾਂ ਤੋਂ ਮਾਫੀ ਮੰਗਦਾ ਹਾਂ ਅਤੇ ਮੈਂ ਜਲਦੀ ਹੀ ਸ੍ਰੀ ਦਰਬਾਰ ਸਾਹਿਬ ਆਵਾਂਗਾ ,ਉੱਥੇ ਵੀ ਜਾ ਕੇ ਮਾਫੀ ਮੰਗਾਂਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿਚ ਇਕ ਨੌਜਵਾਨ ਵੱਲੋਂ ਮਰਿਆਦਾ ਦੇ ਉਲਟ ਜਾ ਕੇ ਕੀਤੀ ਹਰਕਤ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਕ ਪਾਵਨ ਮਰਿਆਦਾ ਹੈ ਅਤੇ ਇਸ ਮਰਿਆਦਾ ਦੇ ਵਿਰੁੱਧ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ। ਉਨ੍ਹਾਂ ਹਰ ਧਰਮ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਸਮੇਂ ਇਥੋਂ ਦੀ ਪਾਵਨ ਮਰਿਆਦਾ ਦਾ ਧਿਆਨ ਰੱਖਿਆ ਜਾਵੇ।
- PTC NEWS