ਕਪੂਰਥਲਾ ‘ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਕਪੂਰਥਲਾ: ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਵਿੱਚ ਦੇਰ ਰਾਤ ਪੁਰਾਣੀ ਰੰਜਿਸ਼ ਕਾਰਨ ਦੋ ਗੁੱਟਾਂ ਵਿੱਚ ਝੜਪ ਹੋ ਗਈ। ਜਿਸ ਵਿੱਚ ਇੱਕ ਗੁੱਟ ਵੱਲੋਂ ਗੋਲੀ ਚਲਾਉਣ ਕਾਰਨ ਦੂਜੇ ਗੁੱਟ ਦਾ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਅੱਗੇ ਰੈਫ਼ਰ ਕਰ ਦਿੱਤਾ ਗਿਆ।
ਦੱਸ ਦਈਏ ਕਿ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿੱਧਵਾਂ ਦੋਨਾ ਵਿੱਚ ਕੁਝ ਦਿਨ ਪਹਿਲਾਂ ਬੱਚਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਕਾਰਨ ਦੇਰ ਰਾਤ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਜਿਸ ਵਿੱਚ ਇੱਕ ਧੜੇ ਦੇ ਵਿਅਕਤੀ ਵੱਲੋਂ ਗੋਲੀਬਾਰੀ ਵੀ ਕੀਤੀ ਗਈ। ਗੋਲੀਬਾਰੀ ਵਿੱਚ ਇੱਕ ਨੌਜਵਾਨ ਦੀ ਛਾਤੀ ਦੇ ਹੇਠਾਂ ਗੋਲੀ ਲੱਗ ਗਈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਪੁੱਤਰ ਤਰਸੇਮ ਸਿੰਘ ਵਜੋਂ ਹੋਈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਿੱਚ ਲੱਗੀ ਹੋਈ ਹੈ।
- PTC NEWS