Amritsar News : ਚੋਰੀ ਦੇ ਝੂਠੇ ਆਰੋਪਾਂ ਤੋਂ ਡਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ
Amritsar News : ਅੰਮ੍ਰਿਤਸਰ ਦੀ ਬਾਬਾ ਦੀਪ ਸਿੰਘ ਕਾਲੋਨੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ 18 ਤੋਂ 19 ਸਾਲ ਦੀ ਉਮਰ ਦੇ ਨੌਜਵਾਨ ਸੱਤਿਮ ਕੁਮਾਰ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ। ਮ੍ਰਿਤਕ ਦੇ ਚਾਚਾ ਸੂਰਜ ਕੁਮਾਰ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੇ ਭਤੀਜੇ ‘ਤੇ ਮਾਲਕ ਵੱਲੋਂ ਚੋਰੀ ਦੇ ਝੂਠੇ ਇਲਜ਼ਾਮ ਲਗਾਏ ਗਏ ਸਨ, ਜਿਸ ਕਾਰਨ ਉਹ ਗਹਿਰੇ ਡਿਪਰੈਸ਼ਨ ਵਿੱਚ ਚਲਾ ਗਿਆ ਅਤੇ ਅੰਤ ਵਿੱਚ ਇਹ ਕਦਮ ਚੁੱਕ ਲਿਆ।
ਪਰਿਵਾਰ ਮੁਤਾਬਕ ਸੱਤਿਮ ਕੁਮਾਰ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਕਰਦਾ ਸੀ ਅਤੇ ਆਪਣੇ ਪਿਤਾ ਦਾ ਹੱਥ ਬਟਾਉਂਦਾ ਸੀ, ਜੋ ਠੇਕੇਦਾਰੀ ਦਾ ਕੰਮ ਕਰਦੇ ਹਨ। ਦੱਸਿਆ ਗਿਆ ਹੈ ਕਿ ਜਿੱਥੇ ਉਹ ਕੰਮ ਕਰਦਾ ਸੀ, ਉਥੇ ਮਾਲਕ ਨੇ ਉਸ ‘ਤੇ ਪੈਸੇ ਅਤੇ ਕੁਝ ਗਹਿਣਿਆਂ ਦੀ ਚੋਰੀ ਦਾ ਆਰੋਪ ਲਗਾਇਆ ਅਤੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਕਾਰਨ ਨੌਜਵਾਨ ਨੂੰ ਥਾਣੇ ਬੁਲਾਇਆ ਗਿਆ ਅਤੇ ਉਸ ‘ਤੇ ਮਾਨਸਿਕ ਦਬਾਅ ਬਣਾਇਆ ਗਿਆ, ਜਿਸ ਨਾਲ ਉਹ ਬਹੁਤ ਡਰ ਗਿਆ ਸੀ।
ਸੂਰਜ ਕੁਮਾਰ ਨੇ ਕਿਹਾ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਕੋਈ ਸੁਸਾਈਡ ਨੋਟ ਜਾਂ ਕਿਸੇ ਦਾ ਨਾਮ ਲਿਖ ਕੇ ਨਹੀਂ ਗਿਆ। ਉਹ ਬਹੁਤ ਡਰਿਆ ਹੋਇਆ ਸੀ ਅਤੇ ਆਪਣੀ ਪਰੇਸ਼ਾਨੀ ਬਾਰੇ ਖੁਲ ਕੇ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਸੀ। ਪਰਿਵਾਰ ਨੇ ਆਰੋਪ ਲਗਾਇਆ ਕਿ ਮਾਲਕ ਅਤੇ ਹੋਰ ਲੋਕਾਂ ਦੀ ਕਾਰਵਾਈ ਨੇ ਉਸਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ।
ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਪੁਲਿਸ ਤੋਂ ਨਿਰਪੱਖ ਜਾਂਚ ਅਤੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ ਮਜ਼ਦੂਰ ਵਰਗ ਵਿੱਚ ਡਰ ਦਾ ਮਾਹੌਲ ਬਣਦਾ ਹੈ ਅਤੇ ਕੱਲ੍ਹ ਨੂੰ ਕੋਈ ਹੋਰ ਨੌਜਵਾਨ ਇਸ ਤਰ੍ਹਾਂ ਦਾ ਘਾਤਕ ਕਦਮ ਨਾ ਚੁੱਕੇ।
ਇਸ ਮੌਕੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਵਿਅਕਤੀ ਵੱਲੋਂ ਨੌਜਵਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਸ ਦੀ ਭੂਮਿਕਾ ਦੀ ਵੀ ਜਾਂਚ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮਾਮਲਾ ਕਿਉਂ ਦਰਜ ਹੋਇਆ ਸੀ ਅਤੇ ਨੌਜਵਾਨ ਨੇ ਖੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ।
- PTC NEWS