ਮੁੱਖ ਖਬਰਾਂ

94 ਵਰ੍ਹਿਆਂ ਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ , ਪੁੱਤਰ ਸੁਖਬੀਰ ਸਿੰਘ ਬਾਦਲ ਨੇ ਇੰਝ ਦਿੱਤੀ ਵਧਾਈ

By Shanker Badra -- December 08, 2021 1:17 pm -- Updated:December 08, 2021 1:17 pm

ਚੰਡੀਗੜ੍ਹ : ਪੰਜਾਬ ਦੀ ਸਿਆਸਤ ਦੇ ਸਭ ਤੋਂ ਵੱਡੇ ਥੰਮ ਮੰਨੇ ਜਾਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ ,ਉਹ 94 ਸਾਲਾਂ ਦੇ ਹੋ ਗਏ ਹਨ। ਸ. ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਹਨ ਅਤੇ ਅੱਜ 90 ਸਾਲ ਨੂੰ ਪਾਰ ਕਰ ਚੁੱਕੇ ਬਾਦਲ ਸਾਹਿਬ ਦਾ ਅਜੇ ਵੀ ਪੰਜਾਬ ਦੀ ਸਿਆਸਤ ਉੱਪਰ ਚੰਗਾ ਪ੍ਰਭਾਵ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਅੱਜ ਕੇਕ ਕੱਟ ਕੇ ਸਾਬਕਾ ਮੁੱਖ ਮੰਤਰੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਤੇ ਸ: ਬਾਦਲ ਦੀ ਸਿਹਤਯਾਬੀ ਅਤੇ ਲੰਮੀ ਉਮਰ ਲਈ ਕਾਮਨਾ ਕੀਤੀ ਜਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਅੱਜ ਭਾਰਤ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਹਨ।

94 ਵਰ੍ਹਿਆਂ ਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ , ਪੁੱਤਰ ਸੁਖਬੀਰ ਸਿੰਘ ਬਾਦਲ ਨੇ ਇੰਝ ਦਿੱਤੀ ਵਧਾਈ

ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਸਿੰਘ ਬਾਦਲ ਨੇ ਖਾਸ ਅੰਦਾਜ਼ 'ਚ ਆਪਣੇ ਪਿਤਾ ਨੂੰ ਵਧਾਈ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਰਦਾਰ ਪ੍ਰਕਾਸ਼ ਸਿੰਘ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ਉੱਪਰ ਪੋਸਟ ਪਾ ਕੇ ਲਿਖਿਆ ਹੈ ਕਿ 90ਵਿਆਂ ਵਿੱਚ ਵੀ ਉਨ੍ਹਾਂ ਦਾ ਨੌਜਵਾਨਾਂ ਵਰਗਾ ਉਤਸ਼ਾਹ ਤੇ ਊਰਜਾ ਦੇਖ ਮੈਂ ਹੈਰਾਨ ਹੋ ਜਾਂਦਾ ਹਾਂ। ਉਨ੍ਹਾਂ ਦੀ ਸਿਆਣਪ ਤੇ ਤਜਰਬਾ ਦੋਵੇਂ ਬੇਮਿਸਾਲ ਹਨ। ਮੈਨੂੰ ਉਨ੍ਹਾਂ ਵਿੱਚ ਸਾਰਾ ਪੰਜਾਬ ਨਜ਼ਰ ਆਉਂਦਾ ਹੈ ਤੇ ਉਹ ਸਾਡੇ ਸਾਰਿਆਂ ਵਿੱਚ ਪੰਜਾਬ ਨੂੰ ਦੇਖਦੇ ਹਨ। ਉਹ ਸਿਰਫ਼ ਮੇਰੇ ਨਹੀਂ - ਉਹ ਸਾਰੇ ਪੰਜਾਬ ਤੇ ਸਾਰੇ ਪੰਜਾਬੀਆਂ ਦੇ ਹਨ, ਪ੍ਰਕਾਸ਼ ਪੰਜਾਬ ਦਾ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ ਖੁਰਾਣਾ ‘ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਮ ਰਘੂਰਾਜ ਸਿੰਘ ਅਤੇ ਮਾਤਾ ਦਾ ਨਾਮ ਸੁੰਦਰੀ ਕੌਰ ਸੀ। ਸ. ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਸ.ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਜੀਵਨ ਦੀ ਸ਼ੁਰੂਆਤ 1970 ਤੋਂ ਸ਼ੁਰੂ ਹੋਈ ਸੀ, ਉਹ 1970 ਤੋਂ 1971 ਤੱਕ ਪਹਿਲੀ ਵਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ 1977 ਤੋਂ 1980 ਤੱਕ, 1997 ਤੋਂ 2002 ਤੱਕ ਅਤੇ 2007 ਤੋਂ 2017 ਤੱਕ ਮੁੱਖ ਮੰਤਰੀ ਰਹਿ ਚੁੱਕੇ ਹਨ।

94 ਵਰ੍ਹਿਆਂ ਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ , ਪੁੱਤਰ ਸੁਖਬੀਰ ਸਿੰਘ ਬਾਦਲ ਨੇ ਇੰਝ ਦਿੱਤੀ ਵਧਾਈ

ਉਨ੍ਹਾਂ ਨੇ 1947 ਵਿੱਚ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਸੀ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦੇ ਸਰਪੰਚ ਅਤੇ ਬਾਅਦ ਵਿੱਚ ਬਲਾਕ ਸੰਮਤੀ, ਲੰਬੀ ਦੇ ਚੇਅਰਮੈਨ ਬਣੇ ਸਨ। ਉਹ ਲਾਹੌਰ ਦੇ ਫੋਰਸੇਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਉਪਰੰਤ ਵਕੀਲ ਬਣਨਾ ਚਾਹੁੰਦੇ ਸੀ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਐਲ.ਐਲ.ਬੀ ਵਿੱਚ ਦਾਖ਼ਲਾ ਤਾਂ ਲਿਆ ਪਰ ਸਿਆਸੀ ਤੌਰ 'ਤੇ ਸਰਗਰਮ ਹੋ ਗਏ ਸਨ। 1957 ਵਿੱਚ ਬਾਦਲ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ ਅਤੇ ਫਿਰ 1969 ਵਿੱਚ ਮੁੜ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਅਕਾਲੀ ਦਲ ਤੇ ਜਨਸੰਘ ਦੀ ਕੁਲੀਸ਼ਨ ਸਰਕਾਰ ਦੀ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਵਿੱਚ ਮੰਤਰੀ ਰਹੇ ਹਨ। ਉਹਨਾਂ ਨੂੰ ਆਮ ਤੌਰ 'ਤੇ ਮੀਡੀਆ ਤੇ ਲੋਕ ਵੱਡੇ ਬਾਦਲ ਵਜੋਂ ਜਾਣਦੇ ਅਤੇ ਉਚਾਰਦੇ ਹਨ।

94 ਵਰ੍ਹਿਆਂ ਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ , ਪੁੱਤਰ ਸੁਖਬੀਰ ਸਿੰਘ ਬਾਦਲ ਨੇ ਇੰਝ ਦਿੱਤੀ ਵਧਾਈ

ਦੱਸ ਦੇਈਏ ਕਿ ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 11 ਦਸੰਬਰ 2011 ਨੂੰ ਪੰਥ ਰਤਨ ਫ਼ਕਰ-ਏ-ਕੌਮ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨੂੰ ਭਾਰਤ ਸਰਕਾਰ ਵਲੋ 2015 ‘ਚ ਪਦਮ ਵਿਭੂਸ਼ਣ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਦਾ ਨਾਮ ਸੁਖਬੀਰ ਸਿੰਘ ਬਾਦਲ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੌਜੂਦਾ ਪ੍ਰਧਾਨ ਹਨ। ਸ. ਪ੍ਰਕਾਸ਼ ਸਿੰਘ ਬਾਦਲ ਦੀ ਧੀ ਦਾ ਨਾਮ ਪ੍ਰਨੀਤ ਕੌਰ ਹੈ। ਸ.ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹਨ ਅਤੇ ਉਨ੍ਹਾਂ ਦੇ ਪੁੱਤਰ ਦਾ ਵਿਆਹ ਮਜੀਠੀਆ ਪਰਿਵਾਰ ਦੀ ਧੀ ਹਰਸਿਮਰਤ ਕੌਰ ਬਾਦਲ ਨਾਲ ਹੋਇਆ ਹੈ ,ਜੋ ਸਾਬਕਾ ਕੇਂਦਰੀ ਮੰਤਰੀ ਹਨ।
-PTCNews

  • Share