Thu, May 2, 2024
Whatsapp

ਕਿਲ੍ਹਾ ਮੁਬਾਰਕ 'ਚ ਪਟਿਆਲਵੀ ਹੈਰੀਟੇਜ਼ ਫੈਸਟੀਵਲ 19 ਅਪ੍ਰੈਲ ਨੂੰ - ਸਾਕਸ਼ੀ ਸਾਹਨੀ

Written by  Pardeep Singh -- April 15th 2022 04:58 PM
ਕਿਲ੍ਹਾ ਮੁਬਾਰਕ 'ਚ ਪਟਿਆਲਵੀ ਹੈਰੀਟੇਜ਼ ਫੈਸਟੀਵਲ  19 ਅਪ੍ਰੈਲ ਨੂੰ - ਸਾਕਸ਼ੀ ਸਾਹਨੀ

ਕਿਲ੍ਹਾ ਮੁਬਾਰਕ 'ਚ ਪਟਿਆਲਵੀ ਹੈਰੀਟੇਜ਼ ਫੈਸਟੀਵਲ 19 ਅਪ੍ਰੈਲ ਨੂੰ - ਸਾਕਸ਼ੀ ਸਾਹਨੀ

ਪਟਿਆਲਾ: ਵਿਰਾਸਤੀ ਸ਼ਹਿਰ ਪਟਿਆਲਾ ਦਾ ਇਤਿਹਾਸਕ ਕਿਲਾ ਮੁਬਾਰਕ, 19 ਅਪ੍ਰੈਲ ਨੂੰ 'ਪਟਿਆਲਵੀ ਹੈਰੀਟੇਜ਼ ਉਤਸਵ' ਦੀ ਮੇਜ਼ਬਾਨੀ ਕਰੇਗਾ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਦੇ ਉਪਰਾਲੇ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਲਾ ਮੁਬਾਰਕ ਵਿਖੇ ਪਟਿਆਲਵੀ ਵਿਰਾਸਤੀ ਉਤਸਵ ਕਰਵਾਇਆ ਜਾ ਰਿਹਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਵੀ ਹੈਰੀਟੇਜ ਉਤਸਵ ਦਾ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ 19 ਅਪ੍ਰੈਲ ਦੀ ਸ਼ਾਮ 5.30 ਵਜੇ ਪਟਿਆਲਾ ਫਾਊਂਡੇਸ਼ਨ ਦੇ ਵੱਲੋਂ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਇੱਕ ਹੈਰੀਟੇਜ ਵਾਕ ਕਰਵਾਈ ਜਾਵੇਗੀ, ਜਿਸ 'ਚ ਸਕੂਲੀ ਵਿਦਿਆਰਥੀ ਭਾਗ ਲੈਣਗੇ, ਜਿਨ੍ਹਾਂ ਨੂੰ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੂਵਾਲੀਆ ਵੱਲੋਂ ਪਟਿਆਲਾ ਦੀ ਵਿਰਾਸਤ ਦੇ ਰੂਬਰੂ ਕਰਵਾਇਆ ਜਾਵੇਗਾ। ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਸ਼ਾਮ 6.30 ਵਜੇ ਪਟਿਆਲਵੀ ਹੈਰੀਟੇਜ਼ ਉਤਸਵ ਦੀ ਸ਼ੁਰੂਆਤ ਕਿਲਾ ਮੁਬਾਰਕ ਦੇ ਖੁੱਲ੍ਹੇ ਵਿਹੜੇ 'ਚ ਦਰਬਾਰ ਹਾਲ ਦੇ ਸਾਹਮਣੇ ਉਘੇ ਗਾਇਕ ਵਿਜੇ ਯਮਲਾ ਜੱਟ ਵੱਲੋਂ ਫੋਕ ਆਰਕੈਸਟਰਾ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੌਕੇ ਕਿਲਾ ਮੁਬਾਰਕ ਵਿਖੇ ਖਾਣੇ ਦੇ ਸਟਾਲ, ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਤਿਆਰ ਦਸਤਕਾਰੀ ਵਸਤਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਡੀ.ਸੀ. ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਵਾਣੀ ਸਕੂਲ ਦੇ ਵਿਸ਼ੇਸ਼ ਬੱਚਿਆਂ ਵੱਲੋਂ ਗਿੱਧਾ, ਸਪੀਕਿੰਗ ਹੈਂਡਸ ਰਾਜਪੁਰਾ ਦੇ ਬੱਚਿਆਂ ਵੱਲੋਂ ਭੰਗੜਾ, ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਦਾ ਗਿੱਧਾ, ਸਰਕਾਰੀ ਹਾਈ ਸਕੂਲ ਉਲਾਣਾ ਦੇ ਬੱਚਿਆਂ ਵੱਲੋਂ ਗਤਕਾ ਸਮੇਤ ਫ਼ੈਸ਼ਨ ਸ਼ੋਅ ਦੀ ਦਿਲਕਸ਼ ਪੇਸ਼ਕਾਰੀ ਵੀ ਹੋਵੇਗੀ। 'ਪਟਿਆਲਾ ਦੀ ਵਿਰਾਸਤ' ਬਾਰੇ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਦੀ ਨਿਰਦੇਸ਼ਤ ਡਾਕੂਮੈਂਟਰੀ ਫ਼ਿਲਮ ਦਿਖਾਉਣ ਤੋਂ ਇਲਾਵਾ ਉਘੇ ਲੋਕ ਗਾਇਕ ਉਜਾਗਰ ਸਿੰਘ ਅੰਟਾਲ ਵੱਲੋਂ ਲੋਕ ਗਾਇਕੀ ਦੀ ਪੇਸ਼ਕਾਰੀ ਕੀਤੀ ਜਾਵੇਗੀ। ਸਾਕਸ਼ੀ ਸਾਹਨੀ ਨੇ ਹੋਰ ਦੱਸਿਆ ਕਿ ਵਿਸ਼ਵ ਹੈਰੀਟੇਜ ਦਿਵਸ ਨੂੰ ਸਮਰਪਿਤ ਪਟਿਆਲਵੀ ਹੈਰੀਟੇਜ ਉਤਸਵ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 'ਪਟਿਆਲਾ ਹੈਰੀਟੇਜ ਫੋਟੋਗ੍ਰਾਫ਼ੀ ਮੁਕਾਬਲਾ' ਕਰਵਾਇਆ ਜਾਵੇਗਾ। ਇਸ ਲਈ ਆਮ ਨਾਗਰਿਕ ਹੈਰੀਟੇਜ ਸਬੰਧੀ ਖਿੱਚੀਆਂ ਤਸਵੀਰਾਂ 18 ਅਪ੍ਰੈਲ ਸ਼ਾਮ 5 ਵਜੇ ਤੱਕ ਈ.ਮੇਲ ਆਈ.ਡੀ.  patialaheritage2022@gmail.com ਉਪਰ ਭੇਜ ਸਕਦੇ ਹਨ। ਡੀ.ਸੀ. ਨੇ ਦੱਸਿਆ ਕਿ ਚੁਣੀਆਂ ਗਈਆਂ ਤਸਵੀਰਾਂ ਲਈ ਪਹਿਲਾ ਇਨਾਮ 5 ਹਜ਼ਾਰ ਰੁਪਏ, ਦੂਜਾ ਇਨਾਮ 3000 ਰੁਪਏ ਤੇ ਤੀਜਾ ਇਨਾਮ 2000 ਰੁਪਏ ਦਿੱਤਾ ਜਾਵੇਗਾ ਅਤੇ ਇਹ ਤਸਵੀਰਾਂ ਕਿਲਾ ਮੁਬਾਰਕ ਵਿਖੇ ਫੈਸਟੀਵਲ ਮੌਕੇ ਵਿਖਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਹੜੇ ਨਾਗਰਿਕ ਸ਼ੌਕ ਵਜੋਂ ਫੋਟੋਗ੍ਰਾਫ਼ੀ ਕਰਦੇ ਹਨ ਅਤੇ ਉਹ ਵਿਰਾਸਤ ਨਾਲ ਜੁੜੀਆਂ ਫੋਟੋਆਂ ਖਿੱਚ ਕੇ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਤਤਪਰ ਹਨ, ਉਹ ਇਸ ਮੁਕਾਬਲੇ 'ਚ ਹਿੱਸਾ ਲੈ ਸਕਦੇ ਹਨ। ਸਾਕਸ਼ੀ ਸਾਹਨੀ ਨੇ ਆਖਿਆ ਕਿ ਪਟਿਆਲਾ ਇਕ ਵਿਰਾਸਤੀ ਸ਼ਹਿਰ ਹੈ, ਜਿਥੇ ਅਜਿਹੇ ਮੇਲੇ ਲੱਗਣ ਦੀ ਆਪਣੀ ਹੀ ਵਿਰਾਸਤ ਹੈ ਅਤੇ ਹੁਣ 19 ਅਪ੍ਰੈਲ ਨੂੰ ਪਟਿਆਲਵੀ ਹੈਰੀਟੇਜ ਉਤਸਵ ਕਰਵਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਾਡੀ ਵਿਰਾਸਤ ਅਤੇ ਕਲਾ ਨੂੰ ਸੰਭਾਲਣ ਲਈ ਇੱਕ ਅਹਿਮ ਉਪਰਾਲਾ ਹੈ। ਡੀ.ਸੀ. ਨੇ ਦੱਸਿਆ ਕਿ ਪਟਿਆਲਵੀ ਵਿਰਾਸਤੀ ਉਤਸਵ ਦੇ ਪ੍ਰੋਗਰਾਮ 'ਚ ਕੋਈ ਟਿਕਟ ਨਹੀਂ ਹੋਵੇਗੀ, ਇਸ ਲਈ ਸਮੂਹ ਪਟਿਆਲਵੀਆਂ, ਕਲਾ ਪ੍ਰੇਮੀਆ ਤੇ ਆਮ ਲੋਕਾਂ ਨੂੰ ਇਸ ਆਯੋਜਨ ਦਾ ਆਨੰਦ ਮਾਣਨ ਲਈ ਖੁੱਲਾ ਸੱਦਾ ਹੈ। ਇਸ ਮੌਕੇ ਏ.ਡੀ.ਸੀ. (ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਪੀ.ਡੀ.ਏ. ਦੇ ਏ.ਸੀ.ਏ. ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਯੂ.ਟੀ.) ਚੰਦਰ ਜੋਤੀ ਸਿੰਘ ਵੀ ਮੌਜੂਦ ਸਨ। ਇਹ ਵੀ ਪੜ੍ਹੋ:ਜਲੰਧਰ ਦੀ ਬਦਰੀ ਕਲੋਨੀ 'ਚ ਪੁਲਿਸ ਨੇ ਕੀਤੀ ਰੇਡ, ਦੇਹ ਵਪਾਰ ਦੇ ਅੱਡੇ ਦਾ ਕੀਤਾ ਪਰਦਾਫਾਸ਼ -PTC News


Top News view more...

Latest News view more...