ਡਿਊਟੀ ਦੌਰਾਨ ਪੁਲਿਸਵਾਲਿਆਂ ਦੇ ਸ਼ਰਾਬ ਪੀਂਦਿਆਂ ਦੀ ਵੀਡੀਓ ਹੋਈ ਵਾਇਰਲ, ਪ੍ਰਸ਼ਾਸਨ ਨੇ ਚੁੱਕਿਆ ਇਹ ਕਦਮ!
ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਸ਼ਰਾਬ ਪੀਂਦਿਆਂ ਦਾ ਵੀਡੀਓ ਵਾਇਰਲ ਹੋ ਗਿਆ ਸੀ। ਇਸ ਵੀਡੀਓ 'ਚ ਪੁਲਿਸ ਮੁਲਾਜ਼ਮ ਸ਼ਰਾਬ ਪੀ ਕੇ ਭੰਗੜਾ ਪਾ ਰਹੇ ਸਨ। ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਮਾਮਲੇ 'ਤੇ ਸਖ਼ਤ ਕਾਰਵਾਈ ਕੀਤੀ ਹੈ ਅਤੇ ਪੁਲਿਸ ਚੌਂਕੀ ਦੇ ਇੰਚਾਰਜ ਸਮੇਤ 8 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਇਹ ਵੀਡੀਓ ਦੇਖਦਿਆਂ ਦੇਖਦਿਆਂ ਹੀ ਵਾਇਰਲ ਹੋ ਗਈ ਸੀ ਅਤੇ ਮੁਲਾਜ਼ਮ ਸ਼ਰਾਬ ਪੀ ਕੇ ਚਮੀਕਲੇ ਦੇ ਗੀਤਾਂ 'ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਖਤ ਕਾਰਵਾਈ ਕਰਦਿਆਂ ਚੌਂਕੀ ਇੰਚਾਰਜ ਏ. ਐੱਸ. ਆਈ. ਰਘੁਵੀਰ ਸਿੰਘ ਸਮੇਤ ੮ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਖਾਲਸੇ ਦੀ ਧਰਤੀ 'ਤੇ ਸ਼ਰਾਬ ਪੀਣ ਅਤੇ ਮੀਟ ਖਾਣ ਦੀ ਪੂਰਨ ਤੌਰ 'ਤੇ ਮਨਾਹੀ ਹੈ। —PTC News