ਪੰਜਾਬ ਦਾ ਪੁਰਾਣਾ ਸੱਭਿਆਚਾਰ ਦੇਖ ਦਰਸ਼ਕ ਹੋਏ ਹੈਰਾਨ
ਮੁਨੀਸ਼ ਗਰਗ, (ਬਠਿੰਡਾ, 10 ਦਸੰਬਰ): ਪੰਜਾਬ ਅਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਿੰਡ ਜੈਪਾਲਗੜ੍ਹ ਵਿਖੇ ਚੱਲ ਰਹੇ 16ਵੇਂ ਵਿਰਾਸਤੀ ਮੇਲੇ ਦੋਰਾਨ ਦੂਜੇ ਦਿਨ ਪੁਰਾਣੇ ਪੰਜਾਬ ਦੀ ਝੱਲਕ ਨਜਰ ਆਈ। ਵਿਰਾਸਤੀ ਮੇਲੇ ਦੋਰਾਨ ਪੁਰਾਣੀ ਵਿਰਾਸਤ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਲੋਕਾਂ ਦੀ ਖਿੱਚ ਦਾ ਕੇਦਰ ਬਣੀਆਂ ਹੋਈਆਂ ਸਨ। ਕੋਰੋਨਾ ਕਾਲ ਦੇ ਦੋ ਸਾਲ ਤੋਂ ਬਾਅਦ ਲੱਗੇ ਵਿਰਾਸਤ ਮੇਲੇ ਦੋਰਾਨ ਲੋਕਾਂ ਦਾ ਉਤਸਾਹ ਵੀ ਦੇਖਦੇ ਹੀ ਬਣਦਾ ਹੈ।
ਦੂਜੇ ਦਿਨ ਦੇ ਮੇਲੇ ਵਿੱਚ ਬਾਜੀਗਰਾਂ ਵੱਲੋਂ ਬਾਜੀ ਦੇ ਕਰਤੱਬ ਦਿਖਾ ਕੇ ਦਰਸਨਾਂ ਨੂੰ ਦੰਦਾ ਹੇਠ ਉਂਗਲਾਂ ਦੱਬਣ ਲਈ ਮਜਬੂਰ ਕਰ ਦਿੱਤਾ। ਭਾਵੇਂ ਕਿ ਬਾਜੀਗਰਾਂ ਸਰਕਾਰ ਤੋਂ ਨਰਾਜ ਨਜਰ ਆ ਰਹੇ ਸਨ ਕਿਉਂਕਿ ਨਵੀ ਪੀੜੀ ਬਾਜੀਗਰ ਦਾ ਕੰਮ ਨਹੀ ਕਰਦੀ ਤੇ ਪਿਛਲੇ ਲੋਕਾਂ ਨੂੰ ਕੰਮ ਨਾ ਮਿਲਣ ਕਰਕੇ ਗੁਰਬਤ ਦੀ ਜਿੰਦਗੀ ਜਿਉਣੀ ਪੈ ਰਹੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਾਜੀਗਰ ਕਲਾਂ ਨੂੰ ਜਿਉਂਦਾ ਰੱਖਣ ਲਈ ਸਰਕਾਰ ਨੂੰ ਕੋਈ ਉਪਰਾਲਾ ਕਰਦੇ ਹੋਏ ਉਹਨਾਂ ਨੂੰ ਆਪਣੀ ਕਲਾਂ ਦੇ ਜੋਹਰ ਦਿਖਾਉਣ ਦਾ ਮੋਕਾ ਦੇਣਾ ਚਾਹੀਦਾ ਹੈ।
ਮੇਲੇ ਦੀ ਸਟੇਜ ਦੋਰਾਨ ਵੱਖ ਵੱਖ ਰਾਜਾਂ ਦੇ ਲੋਕਾਂ ਵੱਲੋਂ ਨਾਚ ਪੇਸ਼ ਕੀਤਾ ਗਿਆ। ਮੇਲੇ ਦੋਰਾਨ 'ਅਤਰੋ ਦਾ ਘਰ' ਅਤੇ 'ਜੈਲਦਾਰਾਂ ਦੀ ਹਵੇਲੀ' ਤੇ ਵੀ ਚੰਗੀ ਰੋਣਕਾ ਦੇਖਣ ਨੂੰ ਮਿਲ ਰਹੀਆਂ ਸਨ। ਪ੍ਰਬੰਧਕਾ ਦਾ ਕਹਿਣਾ ਸੀ ਕਿ ਕੋਰੋਨਾ ਤੋਂ ਬਾਅਦ ਲੱਗੇ ਮੇਲੇ ਦੋਰਾਨ ਲੋਕਾਂ ਦਾ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਮੇਲੇ ਦੀ ਸਮਾਪਤੀ ਮੋਕੇ ਪੰਜਾਬ ਦੇ ਨਾਮਵਾਰ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਜਦ ਕਿ ਦਰਸ਼ਕ ਵੀ ਪੁਰਾਣਾ ਸਭਿਆਚਾਰ ਦੇਖ ਕੇ ਕਾਫੀ ਹੈਰਾਨ ਨਜ਼ਰ ਆ ਰਹੇ ਸਨ।
- PTC NEWS