Nihang Pardeep Singh: ਨਿਹੰਗ ਪ੍ਰਦੀਪ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਇਆ ਗਿਆ ਭੋਗ
ਗੁਰਦਾਸਪੁਰ: ਅਨੰਦਪੁਰ ਸਾਹਿਬ ਵਿਖੇ ਕਤਲ ਕੀਤੇ ਗਏ ਨਿਹੰਗ ਪ੍ਰਦੀਪ ਸਿੰਘ ਦੇ ਜੱਦੀ ਪਿੰਡ ਗਾਜ਼ੀਕੋਟ ਜ਼ਿਲ੍ਹਾ ਗੁਰਦਾਸਪੁਰ ਵਿਖੇ ਨਿਹੰਗ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਖੁੱਲ੍ਹੇ ਪੰਡਾਲ ਵਿਚ ਕੀਰਤਨ ਅਤੇ ਬਾਅਦ ਦੁਪਹਿਰ 2:30 ਵਜੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਹੁੰਚ ਕੇ ਹਾਜ਼ਰੀ ਭਰੀ।
ਇਸ ਮੌਕੇ ਤੇ ਬੋਲਦਿਆਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਬਹੁਤ ਅਸਹਿ ਘਟਨਾ ਵਾਪਰੀ ਹੈ ਅਤੇ ਗੁਰਧਾਮਾਂ ਵਿਚ ਅਜਿਹਾ ਕਾਰਾਂ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ। ਪ੍ਰਧਾਨ ਧਾਮੀ ਨੇ ਅੱਗੇ ਕਿਹਾ ਕਿ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਅਤੇ ਅੱਗੇ ਤੋਂ ਅਜਿਹਾ ਨਾ ਹੋਵੇ ਇਸ ਲਈ ਪੰਥਕ ਜਥੇਬੰਦੀਆਂ ਨਾਲ ਬੈਠ ਕੇ ਵਿਚਾਰਾਂ ਹੋਣਗੀਆਂ ਅਤੇ ਗੁਰੂ ਘਰਾਂ ਅੰਦਰ ਜੋੜ ਮੇਲਿਆਂ ਦੌਰਾਨ ਕਿਸ ਤਰ੍ਹਾਂ ਜਾਣਾ ਹੈ।
ਇਸ ਸਬੰਧੀ ਮਰਿਆਦਾ ਕਾਇਮ ਕੀਤੀ ਜਾਵੇਗੀ ਅਤੇ ਹੁਲੜਬਾਜ਼ੀ ਨੂੰ ਰੋਕਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਮਾੜਾ ਚੰਗਾ ਬੋਲ ਕੇ ਅਤੇ ਹਰ ਮਾੜੀ ਘਟਨਾ ਦੀ ਜਿੰਮੇਵਾਰੀ ਸੰਸਥਾ ਤੇ ਸੁੱਟ ਕੇ ਉਸਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਪੰਥ ਲਈ ਘਾਤਕ ਹੈ। ਸਾਨੂੰ ਸਭ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਯਤਨ ਅਤੇ ਯੋਗਦਾਨ ਪਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Ludhiana Factory Fire: ਲੁਧਿਆਣਾ ਹੋਜ਼ਰੀ ਫੈਕਟਰੀ ਹਾਦਸੇ ’ਚ ਮ੍ਰਿਤਕਾਂ ਦਾ ਵਧਿਆ ਅੰਕੜਾ , ਤਿੰਨ ਮਜ਼ਦੂਰਾਂ ਦੀ ਹੋਈ ਮੌਤ
- PTC NEWS