NRI Family: ਐਨਆਰਆਈ ਪਰਿਵਾਰ ਨਾਲ ਬੇਖੌਫ ਲੁਟੇਰਿਆ ਨੇ ਕੀਤੀ ਲੁੱਟ,ਹਿਮਾਚਲ ਤੋਂ ਜਲੰਧਰ ਜਾ ਰਿਹਾ ਸੀ ਪਰਿਵਾਰ
ਵਿੱਕੀ ਅਰੋੜਾ (ਹੁਸ਼ਿਆਰਪੁਰ): ਹਿਮਾਚਲ ਤੋਂ ਜਲੰਧਰ ਜਾ ਰਹੇ ਐਨਆਰਆਈ ਪਰਿਵਾਰ ਨਾਲ ਹੁਸ਼ਿਆਰਪੁਰ ਊਨਾ ਮਾਰਗ ’ਤੇ ਪੈਂਦੇ ਪਿੰਡ ਪਟਿਆੜੀਆਂ ਨਜ਼ਦੀਕ ਹਥਿਆਰਾਂ ਦੀ ਨੋਕ ’ਤੇ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਚ ਪਰਿਵਾਰ ਦੇ ਦੱਸਣ ਮੁਤਾਬਿਕ ਲੁਟੇਰੇ ਸੋਨੇ ਦੇ ਗਹਿਣੇ ਤੇ 20 ਹਜ਼ਾਰ ਦੇ ਕਰੀਬ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਹੈ।
ਮਾਮਲੇ ਸਬੰਧੀ ਪੀੜਤ ਮੋਹਿੰਦਰ ਮਨਕੋਟੀਆ ਨੇ ਦੱਸਿਆ ਕਿ ਅੱਜ ਸਵੇਰੇ ਵਕਤ ਕਰੀਬ ਸਾਢੇ 9 ਵਜੇ ਉਹ ਖੱਡ ਪਿਜੌਰ ਤੋਂ ਜਲੰਧਰ ਨੂੰ ਕਿਸੇ ਜ਼ਰੂਰੀ ਕੰਮ ਜਾ ਰਹੇ ਸੀ ਤਾਂ ਇਸ ਦੌਰਾਨ ਇਕ ਆਈ ਟਵੰਟੀ ਗੱਡੀ ਜੋ ਕਿ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ, ਨੇ ਪਟਿਆੜੀਆਂ ਕੋਲ ਆ ਕੇ ਉਨ੍ਹਾਂ ਦੀ ਬਰੇਜਾ ਗੱਡੀ ਦੇ ਅੱਗੇ ਆਪਣੀ ਗੱਡੀ ਲਾ ਦਿੱਤੀ ਤੇ ਉਤਰਦੇ ਸਾਰ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਗੱਡੀ ’ਚ ਉਸਦਾ ਐਨਆਰਆਈ ਪਰਿਵਾਰ ਵੀ ਸ਼ਾਮਲ ਸੀ ਜੋ ਕਿ ਆਸਟ੍ਰੇਲੀਆ ਤੋਂ ਆਇਆ ਹੋਇਆ ਸੀ। ਮੋਹਿੰਦਰ ਮਨਕੋਟੀਆ ਨੇ ਦੱਸਿਆ ਕਿ 3 ਨੌਜਵਾਨ ਗੱਡੀ ਚੋਂ ਉਤਰ ਕੇ ਆਏ ਤੇ ਇਕ ਨੌਜਵਾਨ ਨੇ ਦੇਸੀ ਕੱਟੇ ਵਰਗੇ ਹਥਿਆਰ ’ਚ ਗੋਲੀ ਲੋਡ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਬਾਅਦ ਹਥਿਆਰਾਂ ਦੀ ਨੋਕ ਤੇ ਲੁਟੇਰਿਆਂ ਵਲੋਂ ਉਨ੍ਹਾਂ ਪਾਸੋਂ ਸੋਨੇ ਦੇ ਗਹਿਣੇ ਤੇ 20 ਹਜ਼ਾਰ ਦੇ ਕਰੀਬ ਦੀ ਨਕਦੀ ਲੁੱਟ ਲਈ ਗਈ ਤੇ ਫਰਾਰ ਹੋ ਗਏ।
ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Naib Tehsildar Punjab: ਪੰਜਾਬ ਸਰਕਾਰ ਲਈ ਚੁਣੌਤੀ ਬਣੀ 78 ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ, ਇੱਥੇ ਜਾਣੋ ਪੂਰਾ ਮਾਮਲਾ
- PTC NEWS