Bathinda News : ਬਠਿੰਡਾ ਦੇ ਸੰਗਤ ਮੰਡੀ ਦੇ ਬੱਸ ਸਟੈਂਡ 'ਤੇ ਸ਼ਨੀਵਾਰ ਸ਼ਾਮ ਨੂੰ ਬੱਸ ਅੱਡੇ ਦੇ ਠੇਕੇਦਾਰ ਅਤੇ ਰੇਹੜੀ ਵਾਲਿਆਂ ਵਿਚਕਾਰ ਹੋਈ ਲੜਾਈ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲੱਖੀ ਵਜੋਂ ਹੋਈ ਹੈ, ਜੋ ਨਗਰ ਕੌਂਸਲ ਵੱਲੋਂ ਬੱਸ ਸਟੈਂਡ ਦਾ ਠੇਕਾ ਸੰਭਾਲ ਰਿਹਾ ਸੀ। ਜ਼ਖਮੀ ਵਿਅਕਤੀ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਸਮੇਂ ਬਠਿੰਡਾ ਦੇ ਸੰਗਤ ਮੰਡੀ ਦੇ ਬੱਸ ਸਟੈਂਡ 'ਤੇ ਬੱਸ ਸਟੈਂਡ ਦੇ ਠੇਕੇਦਾਰ ਦਾ ਰੇਹੜੀ ਵਾਲਿਆਂ ਨਾਲ ਝਗੜਾ ਹੋ ਗਿਆ। ਇਸ ਝਗੜੇ ਨੇ ਹਿੰਸਕ ਰੂਪ ਧਾਰਨ ਕਰ ਲਿਆ। ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਹੈ। ਜ਼ਖਮੀ ਵਿਅਕਤੀ ਨੂੰ ਇੱਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੌਕੇ 'ਤੇ ਪਹੁੰਚੀ ਬਠਿੰਡਾ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਐਸਪੀ (ਡੀ) ਜਸਮੀਤ ਸਿੰਘ ਨੇ ਕਿਹਾ ਕਿ ਲਖਵਿੰਦਰ ਸਿੰਘ ਲੱਖੀ ਨੇ ਬੱਸ ਸਟੈਂਡ ਨਗਰ ਕੌਂਸਲ ਦਾ ਠੇਕਾ ਲਿਆ ਹੋਇਆ ਸੀ। ਇਹ ਲੜਾਈ ਬੱਸ ਸਟੈਂਡ 'ਤੇ ਪਰਚੀਆਂ ਕੱਟਣ ਨੂੰ ਲੈ ਕੇ ਹੋਈ ਹੈ। ਐਸਪੀ ਡੀ ਨੇ ਦੱਸਿਆ ਹੈ ਕਿ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਨਗਰ ਕੌਂਸਲ ਦਾ ਠੇਕੇਦਾਰ ਦੱਸਿਆ ਜਾ ਰਿਹਾ ਹੈ। ਲੜਾਈ ਹੋਣ ਦਾ ਮੇਨ ਕਾਰਨ ਰੇਹੜੀ ਵਾਲਿਆਂ ਨਾਲ ਪਰਚੀਆਂ ਕੱਟਣ ਨੂੰ ਲੈ ਕੇ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਐਸਪੀ ਡੀ ਨੇ ਦੱਸਿਆ ਹੈ ਕਿ ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਹੋਰ ਤੱਥ ਸਾਹਮਣੇ ਆਉਣਗੇ। ਉਨ੍ਹਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।