Faridkot News : ਫਰੀਦਕੋਟ ਜ਼ਿਲ੍ਹੇ ਦੇ 22 ਸਾਲਾ ਨੌਜਵਾਨ ਆਕਾਸ਼ਦੀਪ ਸਿੰਘ ਨੇ ਕੈਨੇਡਾ ਦੇ ਕੈਲਗਰੀ ਸ਼ਹਿਰ 'ਚ ਮਾਨਸਿਕ ਤਣਾਅ ਦੇ ਕਾਰਨ ਖੁਦਕੁਸ਼ੀ ਕਰ ਲਈ ਹੈ। ਆਕਾਸ਼ਦੀਪ ਸਾਲ 2023 ਵਿੱਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਦੇ ਬਰੈਂਪਟਨ ਗਿਆ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਕੰਮ ਦੀ ਭਾਲ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆਕਾਸ਼ਦੀਪ ਮਿਹਨਤੀ ਅਤੇ ਹੋਨਹਾਰ ਸੀ ਪਰ ਕੰਮ ਦੀ ਘਾਟ ਅਤੇ ਵਿੱਤੀ ਦਬਾਅ ਕਾਰਨ ਉਹ ਮਾਨਸਿਕ ਤੌਰ 'ਤੇ ਟੁੱਟ ਗਿਆ। ਪਰਿਵਾਰ ਨੇ ਸਰਕਾਰ ਨੂੰ ਆਕਾਸ਼ਦੀਪ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।ਜਾਣਕਾਰੀ ਅਨੁਸਾਰ ਪਿਛਲੇ ਸਮੇਂ ਵਿੱਚ ਕੰਮ ਨਾ ਮਿਲਣ ਦੀ ਤਣਾਅਪੂਰਨ ਸਥਿਤੀ ਨਾਲ ਜੂਝਦੇ ਹੋਏ ਆਕਾਸ਼ਦੀਪ ਨੇ ਘਰ ਦੇ ਗੈਰਾਜ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਘਟਨਾ ਤੋਂ ਬਾਅਦ ਕੈਨੇਡਾ ਵਿੱਚ ਰਹਿੰਦੇ ਉਸਦੇ ਦੋਸਤਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪੰਜਾਬ ਵਿੱਚ ਉਸਦੇ ਘਰ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਲੰਬੇ ਸਮੇਂ ਤੋਂ ਨੌਕਰੀ ਨਾ ਮਿਲਣ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ। ਕੁਝ ਸਮੇਂ ਤੋਂ ਉਹ ਕੈਲਗਰੀ ਵਿੱਚ ਰਹਿ ਰਿਹਾ ਸੀ, ਜਿੱਥੇ ਉਹ ਲਗਾਤਾਰ ਕੰਮ ਦੀ ਭਾਲ ਵਿੱਚ ਭਟਕ ਰਿਹਾ ਸੀ। ਇਸ ਤਣਾਅ ਕਾਰਨ ਉਸਨੇ ਖੁਦਕੁਸ਼ੀ ਦਾ ਕਦਮ ਚੁੱਕਿਆ। ਇਸ ਖ਼ਬਰ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਦਮੇ 'ਚ ਹਨ ਅਤੇ ਆਕਾਸ਼ਦੀਪ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਵਿੱਚ ਜੁਟੇ ਹੋਏ ਹਨ।