ਮੈਡੀਕਲ ਸਟਾਫ਼ ਤੋਂ ਬਾਅਦ ਹੁਣ ਰੇਲਵੇ ਪੁਲਿਸ, 14 ਜਵਾਨ ਕੋਰੋਨਾ ਪਾਜ਼ੀਟਿਵ
ਮੈਡੀਕਲ ਸਟਾਫ਼ ਤੋਂ ਬਾਅਦ ਹੁਣ ਰੇਲਵੇ ਪੁਲਿਸ, 14 ਜਵਾਨ ਕੋਰੋਨਾ ਪਾਜ਼ੀਟਿਵ
ਲੁਧਿਆਣਾ - ਕੋਰੋਨਾ ਮਹਾਮਾਰੀ ਦਾ ਅਸਰ ਲੰਮਾ ਹੁੰਦਾ ਦੇਖ ਅਤੇ ਦੇਸ਼ ਵਿਆਪੀ ਲੌਕਡਾਊਨ ਦੌਰਾਨ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਔਖਿਆਈਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਮੁਸਾਫ਼ਰ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਪ੍ਰਵਾਸੀ ਮਜ਼ਦੂਰਾਂ ਲਈ ਸਹਾਰਾ ਬਣੀਆਂ ਇਨ੍ਹਾਂ ਰੇਲਗੱਡੀਆਂ ਨੂੰ ਲੈ ਕੇ ਲੁਧਿਆਣਾ ਤੋਂ ਆਈ ਇੱਕ ਖ਼ਬਰ ਨੇ ਹੋਰਾਂ ਲੋਕਾਂ ਨੂੰ ਚਿੰਤਾਗ੍ਰਸਤ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਲੁਧਿਆਣਾ ਜ਼ਿਲ੍ਹੇ 'ਚ ਤਾਇਨਾਤ ਰੇਲਵੇ ਪੁਲਿਸ ਫ਼ੋਰਸ ਦੇ 14 ਜਵਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਨੌਜਵਾਨ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ 'ਤੇ ਲੱਗੀਆਂ ਰੇਲਗੱਡੀਆਂ ਵਿੱਚ ਡਿਊਟੀ 'ਤੇ ਤਾਇਨਾਤ ਸਨ। ਇਨ੍ਹਾਂ ਜਵਾਨਾਂ ਦੇ ਰੇਲਗੱਡੀ 'ਚ ਸਫ਼ਰ ਦੌਰਾਨ ਹੀ ਕੋਰੋਨਾ ਦੇ ਸੰਕ੍ਰਮਣ ਦਾ ਸ਼ਿਕਾਰ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਮਾਮਲੇ ਜਾਂਚ ਲਈ 111 ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 17 ਮਰੀਜ਼ਾਂ ਦੇ ਟੈਸਟ ਪਾਜ਼ੀਟਿਵ ਆਏ ਹਨ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ 14 ਆਰਪੀਐਫ਼ ਦੇ ਜਵਾਨ, 2 ਮਜਨੂੰ ਦਾ ਟਿੱਲਾ ਦਿੱਲੀ ਦੇ ਰਹਿਣ ਵਾਲੇ ਅਤੇ ਇੱਕ ਜਲੰਧਰ ਵਾਸੀ 91 ਸਾਲਾ ਬਜ਼ੁਰਗ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਰੇਲਵੇ ਪੁਲਿਸ ਫ਼ੋਰਸ ਦੇ 40 ਵਿਅਕਤੀਆਂ ਨੂੰ 7 ਮਈ ਨੂੰ ਪ੍ਰਵਾਸੀ ਮਜ਼ਦੂਰਾਂ ਲਈ ਸਪੈਸ਼ਲ ਰੇਲ ਗੱਡੀਆਂ ਦੀ ਡਿਊਟੀ ਸੌਂਪੀ ਗਈ ਸੀ। ਜਿਨ੍ਹਾਂ ਵਿਚੋਂ 2 ਜਵਾਨ 9 ਮਈ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਤੋਂ ਬਾਅਦ 38 ਸਿਪਾਹੀਆਂ ਦੇ ਸੈਂਪਲ ਲਏ ਗਏ ਤੇ ਸਾਰਿਆਂ ਨੂੰ ਇਕਾਂਤਵਾਸ ਲਈ ਭੇਜ ਦਿੱਤਾ ਗਿਆ।
ਪ੍ਰਾਪਤ ਜਾਂਚ ਰਿਪੋਰਟ ਵਿੱਚ ਇਨ੍ਹਾਂ ਵਿੱਚੋਂ 14 ਰਿਪੋਰਟਾਂ ਪਾਜ਼ਿਟਿਵ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 38 ਲੋਕਾਂ ਨੂੰ ਰੇਲਵੇ ਸਟੇਸ਼ਨ 'ਤੇ ਟੀਟੀਈ ਰੈਸਟ ਰੂਮ ਦੇ ਇੱਕ ਵੱਡੇ ਹਾਲ ਵਿੱਚ ਰੱਖਿਆ ਗਿਆ ਹੈ। ਰੇਲ ਗੱਡੀਆਂ 'ਤੇ ਡਿਊਟੀਆਂ ਕਰਨ ਵਾਲੇ ਜਵਾਨਾਂ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਸਵਾਰੀਆਂ ਰੂਪੀ ਪ੍ਰਵਾਸੀਆਂ ਬਾਰੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਨਾਲ ਇਨ੍ਹਾਂ ਦਾ ਸਫ਼ਰ ਦੌਰਾਨ ਸੰਪਰਕ ਬਣਿਆ।
ਭਾਰਤ ਉੱਤੇ ਕੋਰੋਨਾ ਦਾ ਮਾਰੂ ਅਸਰ ਲਗਾਤਾਰ ਬਣਿਆ ਹੋਇਆ ਹੈ। ਭਾਰਤ ਵਿੱਚ ਹੁਣ ਤੱਕ ਕੁੱਲ 71 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 2 ਹਜ਼ਾਰ 3 ਸੌ ਤੋਂ ਵੱਧ ਲੋਕਾਂ ਦੀ ਕੋਰੋਨਾ ਕਾਰਨ ਜਾਨ ਜਾ ਚੁੱਕੀ ਹੈ।