Sat, Jun 14, 2025
Whatsapp

ਪ੍ਰੋ. ਚੰਦੂਮਾਜਰਾ ਵੱਲੋਂ ਹੱਦਬੰਦੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ , ਸੁਖਬੀਰ ਸਿੰਘ ਬਾਦਲ ਵੱਲੋਂ ਸੌਂਪਿਆ ਮੰਗ ਪੱਤਰ

Reported by:  PTC News Desk  Edited by:  Shanker Badra -- July 06th 2021 05:09 PM
ਪ੍ਰੋ. ਚੰਦੂਮਾਜਰਾ ਵੱਲੋਂ ਹੱਦਬੰਦੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ , ਸੁਖਬੀਰ ਸਿੰਘ ਬਾਦਲ ਵੱਲੋਂ ਸੌਂਪਿਆ ਮੰਗ ਪੱਤਰ

ਪ੍ਰੋ. ਚੰਦੂਮਾਜਰਾ ਵੱਲੋਂ ਹੱਦਬੰਦੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ , ਸੁਖਬੀਰ ਸਿੰਘ ਬਾਦਲ ਵੱਲੋਂ ਸੌਂਪਿਆ ਮੰਗ ਪੱਤਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੰਮੂ ਕਸ਼ਮੀਰ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਹੱਦਬੰਦੀ ਕਮਿਸ਼ਨ ਨੂੰ ਅਪੀਲ ਕੀਤੀ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਦੀ ਵਿਧਾਨ ਸਭਾ ਵਿਚ 5 ਸੀਟਾਂ ਸਿੱਖ ਭਾਈਚਾਰੇ ਲਈ ਰਾਖਵੀਂਆਂ ਰੱਖੀਆਂ ਜਾਣ। ਪਾਰਟੀ ਦੇ ਸੀਨੀਅਰ ਆਗੁ ਤੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਸ੍ਰੀਨਗਰ ਵਿਚ ਹੱਦਬੰਦੀ ਕਮਿਸ਼ਨ ਦੇ ਚੇਅਰਮੈਨ ਜਸਟਿਸ (ਰਿਟਾ) ਰੰਜਨ ਪ੍ਰਕਾਸ਼ ਦੇਸਾਈ ਨਾਲ ਸ੍ਰੀਨਗਰ ਵਿਚ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੰਗ ਬਾਰੇ ਪੱਤਰ ਉਹਨਾਂ ਨੂੰ ਸੌਂਪਿਆ। ਅਕਾਲੀ ਦਲ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਜੰਮੂ ਵਿਚ ਸਿੱਖ ਭਾਈਚਾਰੇ ਤਿੰਨ ਸੀਟਾਂ ਤੇ ਸ੍ਰੀਨਗਰ ਵਿਚ ਦੋ ਸੀਟਾਂ ਰਾਖਵੀਂਆਂ ਰੱਖੀਆਂ ਜਾਣ। ਕਮਿਸ਼ਨ ਨੇ ਇਸ ’ਤੇ ਸੰਜੀਦਗੀ ਨਾਲ ਵਿਚਾਰ ਕਰਨ ਦਾ ਭਰੋਸਾ ਦੁਆਇਆ। ਹੱਦਬੰਦੀ ਕਮਿਸ਼ਨ ਨੂੰ ਲਿਖੇ ਪੱਤਰ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਤ ਅਨੇਕਾਂ ਵਾਰ ਜੰਮੂ ਕਸ਼ਮੀਰ ਦੇ ਸਿੱਖਾਂ ਨਾਲ ਵਾਅਦੇ ਕੀਤੇ ਗਏ ਕਿ ਲੋਕਤੰਤਰੀ ਪ੍ਰਕਿਰਿਆ ਵਿਚ ਵਿਵਸਥਾ ਕਰ ਕੇ ਸਿੱਖਾਂ ਦਾ ਸਮਾਜਿਕ ਤੇ ਆਰਥਿਕ ਵਿਕਾਸ ਯਕੀਨੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਵੀ ਤਜਵੀਜ਼ ਸੀ ਕਿ ਜੰਮੂ ਕਸ਼ਮੀਰ ਵਿਚ ਸਿੱਖਾਂ ਲਈ ਉਸੇ ਤਰਜ਼ ’ਤੇ ਸੀਟਾਂ ਰਾਖਵੀਂਆਂ ਰੱਖੀਆਂ ਜਾਣਗੀਆਂ ਜਿਵੇਂ ਸੰਸਦ ਵਿਚ ਐਂਗੋ ਇੰਡੀਅਨ ਕਮਿਊਨਿਟੀ ਦੇ ਦੋ ਬੰਦਿਆਂ ਵਾਸਤੇ ਸੰਸਦ ਵਿਚ ਤੇ ਵਿਧਾਨ ਸਭਾਵਾਂ ਵਿਚ ਹਨ ਪਰ ਅਫਸੋਸ ਕਿ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਵੰਡ ਤੋਂ ਬਾਅਦ ਸਿੱਖਾਂ ਨਾਲ ਕੀਤਾ ਇਕ ਵੀ ਵਾਅਦਾ ਨਹੀਂ ਨਿਭਾਇਆ। ਸਰਦਾਰ ਬਾਦਲ ਨੇ ਕਮਿਸ਼ਨਰ ਨੂੰ ਆਖਿਆ ਕਿ ਉਹ ਇਹ ਇਤਿਹਾਸਕ ਗਲਤੀ ਨੂੰ ਦਰੁੱਸਤ ਕਰਨ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਯੂ ਟੀ ਵਿਚ ਸਿੱਖਾਂ ਲਈ ਸੀਟਾਂ ਦਾ ਰਾਖਵਾਂਕਰਨ ਹੀ ਇਹ ਯਕੀਨੀ ਬਣਾਏਗਾ ਕਿ ਕਾਰਜਕਾਰਨੀ ਵੱਲੋਂ ਫੈਸਲੇ ਲੈਣ ਵੇਲੇ ਉਹਨਾਂ ਦੀ ਆਵਾਜ਼ ਸੁਣੀ ਜਾਵੇ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਸਿੱਖ ਲੰਬੇ ਸਮੇਂ ਤੋਂ ਇਹ ਸ਼ਿਕਾਇਤ ਕਰ ਰਹੇ ਹਨ ਕਿ ਉਹ ਵਿਕਾਸ ਪ੍ਰਕਿਰਿਆ ਵਿਚ ਪਿੱਛੇ ਰਹਿ ਗਏ ਹਨ ਕਿਉਂਕਿ ਘੱਟ ਗਿਣਤੀ ਰੁਤਬਾ ਹੋਣ ਦੇ ਬਾਵਜੂਦ ਜੰਮੂ ਕਸ਼ਮੀਰ ਵਿਚ ਸਿੱਖਾਂ ਲਈ ਕੋਈ ਰਾਖਵਾਂਕਰਨ ਨਹੀਂ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਵਿਚ ਰਾਖਵੇਂਕਰਨ ਸਮੇਤ ਇਹ ਸਾਰੇ ਮਾਮਲੇ ਤਾਂ ਹੀ ਹੱਲ ਹੋ ਸਕਦੇ ਹਨ ਜੇਕਰ ਸਰਕਾਰ ਵਿਚ ਸਿੱਖਾਂ ਦੀ ਗੱਲ ਦਾ ਵਜ਼ਨ ਹੋਵੇ। ਇਸ ਦੌਰਾਨ ਪ੍ਰੋ. ਚੰਦੂਮਾਜਰਾ ਨੇ ਕਮਿਸ਼ਨ ਮੈਂਬਰਾਂ ਨੂੰ ਸਾਰਾ ਮਾਮਲਾ ਸਮਝਾਇਆ ਤੇ ਦੱਸਿਆ ਕਿ ਸਿੱਖ ਭਾਈਚਾਰੇ ਦੀ ਜੰਮੂ ਕਸ਼ਮੀਰ ਨਾਲ ਅਮੀਰ ਇਤਿਹਾਸਕ ਤੇ ਸਭਿਆਚਾਰਕ ਸਾਂਝ ਹੈ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਕਦੇ ਸਿੱਖ ਸਾਮਰਾਜ ਦਾ ਹਿੱਸਾ ਰਿਹਾ ਹੈ ਤੇ ਪਿਛਲੇ ਦੋ ਸੌ ਤੋਂ ਵੱਧ ਸਾਲਾਂ ਤੋਂ ਸਿੱਖ ਸੂਬੇ ਵਿਚ ਰਹਿ ਰਹੇ ਹਨ। ਉਹਨਾਂ ਦੱਸਿਆ ਕਿ ਸੈਂਕੜੇ ਸਾਲਾਂ ਤੋਂ ਸਿੱਖ ਭਾਈਚਾਰਾ ਜੰਮੂ ਕਸ਼ਮੀਰ ਦੀਆਂ ਸਮਾਜਿਕ ਤੇ ਵਪਾਰਕ ਕੜੀਆਂ ਦੇ ਸਾਂਝੇ ਸਭਿਆਚਾਰ ਦਾ ਅਹਿਮ ਹਿੱਸਾ ਬਣਿਆ ਹੋਇਆ ਹੈ।ਉਹਨਾਂ ਦੱਸਿਆ ਦੇਸ਼ ਦੀ ਵੰਡ ਅਤੇ ਸਿੰਘਪੁਰਾ ਵਿਚ ਸਿੱਖਾਂ ਦੇ ਸਮੂਹਿਕ ਕਤਲੇਆਮ ਸਮੇਤ ਅਨੇਕਾਂ ਉਤਰਾ ਚੜ੍ਹਾਅ ਦੇ ਬਾਵਜੂਦ ਸਿੱਖ ਭਾਈਚਾਰਾ ਜੰਮੂ ਕਸ਼ਮੀਰ ਦਾ ਅਨਿਖੜਵਾਂ ਅੰਗ ਬਣਿਆ ਹੋਇਆ ਹੈ। ਅਕਾਲੀ ਦਲ ਦੇ ਵਫਦ ਨੇ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ ਉਸਨੇ ਜੰਮੂ ਕਸ਼ਮੀਰ ਦੇ ਸਿੱਖ ਭਾਈਚਾਰੇ ਨਾਲ ਰਾਇ ਮਸ਼ਵਰਾ ਕੀਤਾ ਹੈ ਤੇ ਭਾਈਚਾਰਾ ਵੀ ਚਾਹੁੰਦਾ ਹੈ ਕਿ ਸਰਕਾਰ ਵਿਚ ਉਹਨਾਂ ਦੀ ਗੱਲ ਦਾ ਵਜ਼ਨ ਹੋਵੇ। ਵਫਦ ਨੇ ਕਮਿਸ਼ਨ ਨੂੰ ਦੱਸਿਆ ਕਿ 1947 ਵਿਚ ਜਦੋਂ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਘੁਸਪੈਠੀਏ ਕਸ਼ਮੀਰ ਵਿਚ ਆ ਵੜ੍ਹੇ ਸਨ ਤਾਂ 35000 ਤੋਂ ਵੱਧ ਸਿੱਖ ਮਾਰੇ ਗਏ ਸਨ। ਵਫਦ ਨੇ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ ਸਿੱਖ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 135 ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੀ ਵੇਖ ਰਹੇ ਹਨ। -PTCNews


Top News view more...

Latest News view more...

PTC NETWORK