Mon, Apr 29, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਅਨਵਰ ਮਸੀਹ ਤੇ ਕਾਂਗਰਸੀਆਂ ਦਾ ਨਸ਼ਾ ਸਰਗਨਿਆਂ ਵਜੋਂ ਕੀਤਾ ਪਰਦਾਫਾਸ਼

Written by  Jashan A -- February 20th 2020 08:52 PM
ਸ਼੍ਰੋਮਣੀ ਅਕਾਲੀ ਦਲ ਨੇ ਅਨਵਰ ਮਸੀਹ ਤੇ ਕਾਂਗਰਸੀਆਂ ਦਾ ਨਸ਼ਾ ਸਰਗਨਿਆਂ ਵਜੋਂ ਕੀਤਾ ਪਰਦਾਫਾਸ਼

ਸ਼੍ਰੋਮਣੀ ਅਕਾਲੀ ਦਲ ਨੇ ਅਨਵਰ ਮਸੀਹ ਤੇ ਕਾਂਗਰਸੀਆਂ ਦਾ ਨਸ਼ਾ ਸਰਗਨਿਆਂ ਵਜੋਂ ਕੀਤਾ ਪਰਦਾਫਾਸ਼

ਸ਼੍ਰੋਮਣੀ ਅਕਾਲੀ ਦਲ ਨੇ ਅਨਵਰ ਮਸੀਹ ਤੇ ਕਾਂਗਰਸੀਆਂ ਦਾ ਨਸ਼ਾ ਸਰਗਨਿਆਂ ਵਜੋਂ ਕੀਤਾ ਪਰਦਾਫਾਸ਼ ਆਪਣੇ ਦਾਅਵੇ ਨੂੰ ਸਾਬਿਤ ਕਰਨ ਲਈ ਸਬੂਤ ਵੀ ਪੇਸ਼ ਕੀਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਨਸ਼ਿਆ ਦੇ ਸਰਗਨੇ ਸਿਮਰਜੀਤ ਸੰਧੂ ਦੇ ਪਿਤਾ ਨੂੰ ਵੀ ਸੁਬਾਰਡੀਨੇਟ ਸਰਵਿਸਿਜ਼ ਬੋਰਡ ਵਿਚ ਲਾਇਆ ਗਿਆ ਸੀ ਕਿਹਾ ਕਿ ਪੁਲਿਸ ਨੇ ਪਹਿਲਾਂ ਕਾਂਗਰਸੀ ਕੌਂਸਲਰ ਪਰਦੀਪ ਸ਼ਰਮਾ ਦੇ ਘਰ ਅਤੇ ਹੋਟਲ ਉੱਤੇ ਛਾਪਾ ਮਾਰਿਆ ਸੀ ਅਤੇ ਉਸ ਤੋਂ ਬਾਅਦ ਹੈਰੋਇਨ ਬਣਾਉਣ ਵਾਲੀ ਫੈਕਟਰੀ ਉੱਤੇ ਰੇਡ ਪਾਈ ਸੀ ਕਾਂਗਰਸ ਖ਼ਿਲਾਫ ਚੁੱਪੀ ਧਾਰਨ ਲਈ ਆਪ ਦੀ ਨਿਖੇਧੀ ਕੀਤੀ ਅਤੇ ਨਸ਼ਾ ਤਸਕਰੀ ਵਿਚ ਸ਼ਾਮਿਲ ਕਾਂਗਰਸੀ ਆਗੂਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਵਿਚ ਦਿੱਤੇ ਇਸ ਬਿਆਨ ਦਾ ਸਵਾਗਤ ਕੀਤਾ ਹੈ ਕਿ ਉਹ ਕ੍ਰਿਸਚੀਅਨ ਦਲਿਤ ਫਰੰਟ ਦੇ ਆਗੂ ਅਤੇ ਕਾਂਗਰਸੀ ਲੀਡਰ ਅਨਵਰ ਮਸੀਹ ਦੇ ਸਿਆਸੀ ਸੰਬੰਧਾਂ ਦੀ ਜਾਂਚ ਕਰਵਾਉਣਗੇ ਅਤੇ ਪਾਰਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੰਮ੍ਰਿਤਸਰ ਹੈਰੋਇਨ ਬਰਾਮਦਗੀ ਕੇਸ ਵਿਚ ਅਤੇ ਸੂਬੇ ਦੇ ਹੋ ਰਹੀ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਦੇ ਠੋਸ ਸਬੂਤਾਂ ਨੂੰ ਵੀ ਧਿਆਨ ਵਿਚ ਰੱਖਣ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਅਨਵਰ ਮਸੀਹ ਅਤੇ ਕ੍ਰਿਸਚੀਅਨ ਫਰੰਟ ਦੀ ਕਾਂਗਰਸ ਨਾਲ ਨੇੜਤਾ, ਅਨਵਰ ਅਤੇ ਕ੍ਰਿਸਚੀਅਨ ਫਰੰਟ ਦੇ ਪ੍ਰਧਾਨ ਮੁਨੱਵਰ ਮਸੀਹ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ, 2018 ਦੀ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ, ਜੋ ਕਿ ਕਾਂਗਰਸ ਮੁਖੀ ਸੁਨੀਲ ਜਾਖੜ ਵੱਲੋਂ ਲੜੀ ਗਈ ਸੀ ਅਤੇ 2019 ਦੀਆਂ ਸੰਸਦੀ ਚੋਣਾਂ ਵਿਚ ਕਾਂਗਰਸ ਦੀ ਕੀਤੀ ਮੱਦਦ ਆਦਿ ਸਭ ਕੁੱਝ ਰਿਕਾਰਡ ਵਿਚ ਦਰਜ ਹੈ। ਉਹਨਾਂ ਕਿਹਾ ਕਿ ਇਹ ਇੱਕ ਤੱਥ ਹੈ ਕਿ ਮੁਨੱਵਰ ਮਸੀਹ ਇਕਲੌਤਾ ਅਜਿਹਾ ਵਿਅਕਤੀ ਹੈ, ਜਿਸ ਦੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਦੁਬਾਰਾ ਨਿਯੁਕਤੀ ਕਰਕੇ ਕਾਂਗਰਸ ਸਰਕਾਰ ਦੁਆਰਾ ਤਿੰਨ ਸਾਲ ਲਈ ਮਿਆਦ ਵਧਾਈ ਗਈ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 2019 ਵਿਚ ਮੰਤਰੀ ਸੁਖਜਿੰਦਰ ਰੰਧਾਵਾ ਸਣੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੁਨੱਵਰ ਅਤੇ ਅਨਵਰ ਮਸੀਹ ਦੀਆਂ ਇਸ਼ਤਿਹਾਰਾਂ ਵਿਚ ਲੱਗੀਆਂ ਫੋਟੋਆਂ ਸਾਬਿਤ ਕਰਦੀਆਂ ਹਨ ਕਿ ਉਹ ਦੋਵੇਂ ਕਾਂਗਰਸੀ ਹਨ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਕਾਂਗਰਸ ਪਾਰਟੀ ਨੇ ਇੱਕ ਸਮਾਜਕ ਸਮਾਗਮ ਦੀਆਂ ਪੁਰਾਣੀਆਂ ਤਸਵੀਰਾਂ ਵਿਖਾ ਕੇ ਅਨਵਰ ਦਾ ਨਾਂ ਅਕਾਲੀ ਦਲ ਨਾਲ ਜੋੜਣ ਦੀ ਕੋਸ਼ਿਸ਼ ਕਰਦਿਆਂ ਪੂਰੀ ਤਰ੍ਹਾਂ ਤੱਥਾਂ ਦੀ ਛਾਣਬੀਣ ਨਹੀਂ ਕੀਤੀ। ਉਹਨਾਂ ਦੱਸਿਆ ਕਿ ਅਨਵਰ ਵਿਰੁੱਧ ਸਾਰੇ ਦੋਸ਼ ਉਸ ਸਮੇਂ ਸਾਹਮਣੇ ਆਏ ਹਨ, ਜਦੋਂ ਉਹ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਿਆ ਸੀ। ਅੰਮ੍ਰਿਤਸਰ ਹੈਰੋਇਨ ਬਰਾਮਦਗੀ ਕੇਸ ਨਾਲ ਜੁੜੇ ਸਾਰੇ ਦੋਸ਼ੀਆਂ ਦੇ ਸਿਆਸੀ ਸੰਬੰਧਾਂ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਕੇਸ ਦਾ ਸਰਗਨਾ ਸਿਮਰਜੀਤ ਸਿੰਘ ਸੰਧੂ ਸਰਬਜੀਤ ਸਿੰਘ ਸੰਧੂ ਦਾ ਬੇਟਾ ਹੈ, ਜਿਸ ਨੂੰ 2006 ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਅਧੀਨ ਸੇਵਾਵਾਂ ਚੋਣ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਿਮਰਜੀਤ ਸੰਧੂ ਦੇ ਕਾਂਗਰਸ ਪਾਰਟੀ ਨਾਲ ਸੰਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਨਾਲ ਜੁੜੇ ਸਾਰੇ ਕਾਂਗਰਸੀਆਂ ਦਾ ਪਰਦਾਫਾਸ਼ ਕਰਕੇ ਉਹਨਾਂ ਖ਼ਿਲਾਫ ਕੇਸ ਦਰਜ ਹੋਣੇ ਚਾਹੀਦੇ ਹਨ। ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਇੱਕ ਤੱਥ ਹੈ ਕਿ ਪੁਲਿਸ ਨੇ ਪਹਿਲਾਂ ਕਾਂਗਰਸੀ ਕੌਂਸਲਰ ਪਰਦੀਪ ਸ਼ਰਮਾ ਦੇ ਘਰ ਅਤੇ ਹੋਟਲ ਉੱਤੇ ਛਾਪਾ ਮਾਰਿਆ ਸੀ ਅਤੇ ਉਸ ਤੋ ਬਾਅਦ ਅੰਮ੍ਰਿਤਸਰ ਵਿਚ ਹੈਰੋਇਨ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ। ਉਹਨਾਂ ਕਿਹਾ ਕਿ ਪਰਦੀਪ ਸ਼ਰਮਾ ਨੂੰ ਛੱਡ ਦਿੱਤਾ ਗਿਆ, ਕਿਉਂਕਿ ਉਸ ਦੀਆਂ ਅੰਮ੍ਰਿਤਸਰ ਦੇ ਸਾਂਸਦ, ਸਪੀਕਰ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਖਿੱਚੀਆਂ ਫੋਟੋਆਂ ਸਨ ਅਤੇ ਉਸ ਦੀ ਗਿਰਫ਼ਤਾਰੀ ਨਾਲ ਕਾਂਗਰਸ ਪਾਰਟੀ ਨੂੰ ਵੱਡੀ ਨਮੋਸ਼ੀ ਹੋਣੀ ਸੀ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਸ਼ਰਮਾ ਪਰਿਵਾਰ, ਜਿਸ ਵਿਚ ਗਿਰਫਤਾਰ ਕੀਤਾ ਗਿਆ ਪਰਦੀਪ ਦਾ ਬੇਟਾ ਸਾਹਿਲ ਵੀ ਸ਼ਾਮਿਲ ਹੈ, ਨਸ਼ਾ ਤਸਕਰੀ ਦਾ ਧੰਦਾ ਕਰਦਾ ਸੀ। ਉਹਨਾਂ ਕਿਹਾ ਕਿ ਉਹਨਾਂ ਕੋਲ ਰਣਜੀਤ ਰਾਣਾ ਸਮੇਤ ਹੋਰ ਵਿਅਕਤੀਆਂ ਦੀਆਂ ਵੀ ਤਸਵੀਰਾਂ ਹਨ, ਰਾਣਾ ਕੋਲੋਂ 75 ਕਰੋੜ ਰੁਪਏ ਦੇ ਨਸ਼ੇ ਫੜੇ ਜਾਣ ਦੇ ਬਾਵਜੂਦ ਕਾਂਗਰਸ ਪਾਰਟੀ ਵੱਲੋਂ ਉਸ ਨੂੰ ਬਲਾਕ ਸਮਿਤੀ ਦੀ ਟਿਕਟ ਦਿੱਤੀ ਗਈ ਸੀ ਅਤੇ ਹਾਲ ਹੀ ਵਿਚ ਉਸ ਕੋਲੋ 45 ਕਰੋੜ ਰੁਪਏ ਦੀ ਹੈਰੋਇਨ ਫੜੀ ਗਈ ਸੀ। ਮਜੀਠੀਆ ਨੇ ਵਿਧਾਨ ਸਭਾ ਵਿਚ ਬਿਜਲੀ ਦਰਾਂ 'ਚ ਵਾਧਾ, ਬਿਜਲੀ ਘੁਟਾਲੇ, ਕਿਸਾਨ ਖੁਦਕੁਸ਼ੀਆਂ ਅਤੇ ਕਾਂਗਰਸ ਸਰਕਾਰ ਦੀਆਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿਚ ਨਾਕਾਮੀ ਵਰਗੇ ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕੀਤੀ ਗਈ ਡਰਾਮੇਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਨੇ ਵਿਧਾਨ ਸਭਾ ਵਿਚ ਨਸ਼ਾ ਤਸਕਰੀ ਵਰਗੇ ਸੰਵੇਦਨਸ਼ੀਲ ਮੁੱਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨਾਲ ਵਿਖਾਈ ਦੋਸਤੀ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਪ ਵਿਧਾਇਕਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਉਹਨਾਂ ਨੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਲਈ ਜ਼ਿਮੇਵਾਰ ਕਾਂਗਰਸੀਆਂ ਖ਼ਿਲਾਫ ਵੀ ਕਾਰਵਾਈ ਦੀ ਮੰਗ ਨਹੀਂ ਕੀਤੀ, ਕਿਉਂਕਿ ਉਹ ਕਾਂਗਰਸ ਪਾਰਟੀ ਦੀ ਬੀ ਟੀਮ ਬਣ ਚੁੱਕੇ ਹਨ। ਉਹਨਾਂ ਕਿਹਾ ਕਿ ਅਸੀਂ ਇਸ ਦਾ ਲੋਕਾਂ ਅੱਗੇ ਪਰਦਾਫਾਸ਼ ਕਰਾਂਗੇ ਅਤੇ ਨਸ਼ਾ ਕਾਰੋਬਾਰ ਵਿਚ ਸ਼ਾਮਿਲ ਸਾਰੇ ਕਾਂਗਰਸੀ ਆਗੂਆਂ ਖ਼ਿਲਾਫ ਸਰਕਾਰ ਨੂੰ ਕਾਰਵਾਈ ਕਰਨ ਲਈ ਮਜ਼ਬੂਰ ਕਰਾਂਗੇ। -PTC News


Top News view more...

Latest News view more...